ਮੰਡਲਾ, 27 ਸਤੰਬਰ (ਹਿ. ਸ.)। ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲੇ ਦੇ ਬਿਛੀਆ ਥਾਣਾ ਖੇਤਰ ’ਚ ਨੈਸ਼ਨਲ ਹਾਈਵੇ-30 ’ਤੇ ਪਿੰਡ ਬਰਖੇੜੀ ਨੇੜੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਇਕ ਤੇਜ਼ ਰਫਤਾਰ ਬੋਲੈਰੋ ਕਾਰ ਅਤੇ ਇਕ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ’ਚ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਪੁਲਿਸ ਅਨੁਸਾਰ ਮੰਗਲਵਾਰ ਰਾਤ ਕਰੀਬ 1 ਵਜੇ ਪਿੰਡ ਬਰਖੇੜੀ ਨੇੜੇ ਬੀਛੀਆਂ ਵੱਲ ਜਾ ਰਹੀ ਇੱਕ ਬੋਲੈਰੋ ਕਾਰ ਨੂੰ ਰਾਏਪੁਰ ਵੱਲੋਂ ਆ ਰਹੇ ਲੋਹੇ ਦੀਆਂ ਰਾਡਾਂ ਨਾਲ ਭਰੇ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਦੇ ਪਰਖੱਚੇ ਉਡ ਗਏ। ਇਸ ਹਾਦਸੇ ਵਿੱਚ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਦੋ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਬਿਛੀਆ ਥਾਣਾ ਇੰਚਾਰਜ ਧਰਮਿੰਦਰ ਸਿੰਘ ਧੁਰਵੇ ਨੇ ਦੱਸਿਆ ਕਿ ਬੋਲੈਰੋ ਗੱਡੀ ’ਚ 6 ਲੋਕ ਸਵਾਰ ਸਨ, ਜਿਨ੍ਹਾਂ ’ਚੋਂ 4 ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਅਤੇ ਐਸਯੂਵੀ ਡਰਾਈਵਰ ਸ਼ਾਮਲ ਹਨ। ਟੱਕਰ ਕਾਰਨ ਟਰੱਕ ਵੀ ਪਲਟ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
