ਮੁੰਬਈ, 29 ਦਸੰਬਰ (ਹਿ.ਸ.)। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੀ ਟੀਮ ਨੇ ਮੁੰਬਈ ਹਵਾਈ ਅੱਡੇ ‘ਤੇ 14.90 ਕਰੋੜ ਰੁਪਏ ਦੀ ਕੋਕੀਨ ਸਮੇਤ ਇਕ ਵਿਦੇਸ਼ੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਸ਼ੁੱਕਰਵਾਰ ਨੂੰ ਅਦਾਲਤ ਨੇ ਔਰਤ ਨੂੰ 14 ਦਿਨਾਂ ਲਈ ਡੀਆਰਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਡੀਆਰਆਈ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੀਨੀਆ ਤੋਂ ਕੋਕੀਨ ਲੈ ਕੇ ਮੁੰਬਈ ਆਉਣ ਵਾਲੀ ਇਕ ਔਰਤ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਆਧਾਰ ‘ਤੇ ਡੀਆਰਆਈ ਦੀ ਟੀਮ 28 ਦਸੰਬਰ ਨੂੰ ਮੁੰਬਈ ਏਅਰਪੋਰਟ ਦੀ ਨਿਗਰਾਨੀ ਕਰ ਰਹੀ ਸੀ। ਨੈਰੋਬੀ ਤੋਂ ਆ ਰਹੀ ਇਕ ਔਰਤ ਨੂੰ ਡੀਆਰਆਈ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ ‘ਤੇ ਹਵਾਈ ਅੱਡੇ ‘ਤੇ ਰੋਕਿਆ ਅਤੇ ਜਦੋਂ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ 1490 ਗ੍ਰਾਮ ਕੋਕੀਨ ਬਰਾਮਦ ਹੋਈ, ਜਿਸ ਦੀ ਬਾਜ਼ਾਰੀ ਕੀਮਤ 14.90 ਕਰੋੜ ਰੁਪਏ ਹੈ। ਔਰਤ ਨੇ ਹੇਅਰ ਕੰਡੀਸ਼ਨਰ ਦੀ ਬੋਤਲ ਅਤੇ ਬਾਡੀ ਵਾਸ਼ ਦੀ ਬੋਤਲ ਦੇ ਅੰਦਰ ਕੋਕੀਨ ਲੁਕੋਈ ਸੀ।
ਇਸ ਤੋਂ ਬਾਅਦ ਡੀਆਰਆਈ ਦੀ ਟੀਮ ਨੇ ਔਰਤ ਨੂੰ ਐੱਨਡੀਪੀਐੱਸ ਐਕਟ 1985 ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ। ਅੱਜ ਅਦਾਲਤ ਨੇ ਮਹਿਲਾ ਨੂੰ 14 ਦਿਨਾਂ ਲਈ ਡੀਆਰਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਡੀਆਰਆਈ ਦੀ ਟੀਮ ਡਰੱਗ ਸਪਲਾਈ ਚੇਨ ਵਿੱਚ ਹੋਰ ਸਬੰਧਾਂ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
