ਭੋਪਾਲ, 01 ਅਕਤੂਬਰ (ਹਿ. ਸ.)। ਰਾਜਧਾਨੀ ਭੋਪਾਲ ਦੇ ਬੈਰਸੀਆ ਥਾਣਾ ਖੇਤਰ ਦੇ ਪਿੰਡ ਡੁੰਗਰੀਆ ‘ਚ ਐਤਵਾਰ ਨੂੰ ਹਵਾਈ ਸੈਨਾ ਦੇ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ਧਰੁਵ ਦੀ ਐਮਰਜੈਂਸੀ ਲੈਂਡਿੰਗ ਹੋਈ। ਉਡਾਣ ਦੌਰਾਨ ਅਚਾਨਕ ਤਕਨੀਕੀ ਖਰਾਬੀ ਆਉਣ ਕਾਰਨ ਹੈਲੀਕਾਪਟਰ ਨੂੰ ਪਿੰਡ ਦੇ ਡੈਮ ਨੇੜੇ ਖੇਤਾਂ ‘ਚ ਉਤਰਨਾ ਪਿਆ। ਹੈਲੀਕਾਪਟਰ ਵਿੱਚ ਹਵਾਈ ਸੈਨਾ ਦੇ 6 ਜਵਾਨ ਸਵਾਰ ਸਨ, ਜੋ ਸੁਰੱਖਿਅਤ ਹਨ।
ਰੱਖਿਆ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਹਵਾਈ ਸੈਨਾ ਦਾ ਏ.ਐੱਲ.ਐੱਚ. ਧਰੁਵ ਹੈਲੀਕਾਪਟਰ ਹੈ, ਜੋ ਸਿਖਲਾਈ ਮਿਸ਼ਨ ‘ਤੇ ਸੀ। ਉਡਾਣ ਭਰਨ ਤੋਂ ਬਾਅਦ ਇਸ ‘ਚ ਕੁਝ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਭੋਪਾਲ ਤੋਂ ਕਰੀਬ 60 ਕਿਲੋਮੀਟਰ ਦੂਰ ਇੱਕ ਖੇਤ ਵਿੱਚ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਕਿਸੇ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਹੈਲੀਕਾਪਟਰ ‘ਚ ਸਵਾਰ ਸਾਰੇ ਸੁਰੱਖਿਅਤ ਹਨ। ਸੂਚਨਾ ਮਿਲਣ ਤੋਂ ਬਾਅਦ ਫੌਜ ਦੇ ਇੰਜੀਨੀਅਰ ਅਤੇ ਟੈਕਨੀਸ਼ੀਅਨ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਬਚਾਅ ਲਈ ਫੌਜ ਦਾ ਇਕ ਹੋਰ ਹੈਲੀਕਾਪਟਰ ਮੌਕੇ ‘ਤੇ ਪਹੁੰਚ ਗਿਆ ਹੈ। ਇੰਜਨੀਅਰ ਅਤੇ ਹੋਰ ਤਕਨੀਕੀ ਅਮਲਾ ਹੈਲੀਕਾਪਟਰ ਦੀ ਤਕਨੀਕੀ ਖਾਮੀ ਨੂੰ ਠੀਕ ਕਰਨ ਵਿੱਚ ਜੁਟੇ ਹੋਏ ਹਨ।
ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਹੈਲੀਕਾਪਟਰ ਨੂੰ ਇੱਕ ਖੇਤ ਵਿੱਚ ਲੈਂਡ ਕੀਤਾ ਗਿਆ ਹੈ। ਹੈਲੀਕਾਪਟਰ ਦੇ ਆਲੇ-ਦੁਆਲੇ ਸੈਂਕੜੇ ਲੋਕ ਇਕੱਠੇ ਹੋ ਗਏ। ਵੀਡੀਓ ‘ਚ ਕੁਝ ਫੌਜੀ ਵੀ ਨਜ਼ਰ ਆ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
