ਨਵੀਂ ਦਿੱਲੀ, 22 ਅਕਤੂਬਰ (ਹਿ. ਸ.)। ਭਾਰਤ ਨੇ ਇਜ਼ਰਾਈਲ-ਹਮਾਸ ਸੰਘਰਸ਼ ’ਚ ਫਸੇ ਫਿਲੀਸਤੀਨ ਨਾਗਰਿਕਾਂ ਲਈ ਮਨੁੱਖੀ ਸਹਾਇਤਾ ਭੇਜੀ ਹੈ। ਭਾਰਤੀ ਹਵਾਈ ਸੈਨਾ ਦੇ ਸੀ-17 ਟ੍ਰਾਂਸਪੋਰਟ ਜਹਾਜ਼ ਨੇ ਅੱਜ 32 ਟਨ ਰਾਹਤ ਸਮੱਗਰੀ ਅਤੇ 6.5 ਟਨ ਡਾਕਟਰੀ ਸਹਾਇਤਾ ਲੈ ਕੇ ਮਿਸਰ ਲਈ ਉਡਾਣ ਭਰੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਫਿਲੀਸਤੀਨ ਦੇ ਲੋਕਾਂ ਲਈ ਲਗਭਗ 6.5 ਟਨ ਡਾਕਟਰੀ ਸਹਾਇਤਾ ਅਤੇ 32 ਟਨ ਆਫਤ ਰਾਹਤ ਸਮੱਗਰੀ ਲੈ ਕੇ ਆਈਏਐਫ ਦਾ ਇੱਕ ਸੀ-17 ਟ੍ਰਾਂਸਪੋਰਟ ਜਹਾਜ਼ ਮਿਸਰ ਦੇ ਅਲ-ਅਰਿਸ਼ ਹਵਾਈ ਅੱਡੇ ਲਈ ਰਵਾਨਾ ਹੋਇਆ। ਸਮੱਗਰੀ ਵਿੱਚ ਜ਼ਰੂਰੀ ਜੀਵਨ-ਰੱਖਿਅਕ ਦਵਾਈਆਂ, ਸਰਜੀਕਲ ਸਪਲਾਈ, ਟੈਂਟ, ਸਲੀਪਿੰਗ ਬੈਗ, ਤਰਪਾਲਾਂ, ਸੈਨੀਟੇਸ਼ਨ ਸਹੂਲਤਾਂ, ਪਾਣੀ ਸ਼ੁੱਧ ਕਰਨ ਵਾਲੀਆਂ ਗੋਲੀਆਂ ਸਮੇਤ ਹੋਰ ਜ਼ਰੂਰੀ ਵਸਤੂਆਂ ਸ਼ਾਮਲ ਹਨ।
ਹਮਾਸ ਦੇ ਹਮਲੇ ‘ਤੇ ਇਜ਼ਰਾਈਲ ਦੇ ਜਵਾਬੀ ਕਾਰਵਾਈ ਕਾਰਨ ਗਾਜ਼ਾ ਪੱਟੀ ‘ਚ ਰਹਿ ਰਹੇ ਫਿਲੀਸਤੀਨੀ ਨਾਗਰਿਕ ਇਸ ਸਮੇਂ ਮਨੁੱਖੀ ਸੰਕਟ ‘ਚੋਂ ਗੁਜ਼ਰ ਰਹੇ ਹਨ। ਹਮਾਸ ਦੇ ਵਹਿਸ਼ੀ ਹਮਲੇ ਤੋਂ ਬਾਅਦ ਇਜ਼ਰਾਈਲ ਦੀ ਕਾਰਵਾਈ ਕਾਰਨ ਫਿਲੀਸਤੀਨੀ ਨਾਗਰਿਕ ਵੀ ਜਾਨੀ ਨੁਕਸਾਨ ਦਾ ਸ਼ਿਕਾਰ ਹੋ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
