ਨਵੀਂ ਦਿੱਲੀ, 03 ਅਕਤੂਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਮਾਤਾ ਅੰਮ੍ਰਿਤਾਨੰਦਮਈ ‘ਅੰਮਾ’ ਪਿਆਰ, ਦਇਆ, ਸੇਵਾ ਅਤੇ ਬਲੀਦਾਨ ਦੀ ਪ੍ਰਤੀਕ ਹਨ ਅਤੇ ਉਹ ਭਾਰਤ ਦੀ ਅਧਿਆਤਮਿਕ ਪਰੰਪਰਾ ਦੀ ਵਾਹਕ ਹਨ।
ਪ੍ਰਧਾਨ ਮੰਤਰੀ ਨੇ ਭਾਰਤੀ ਅਧਿਆਤਮਕ ਗੁਰੂ ਮਾਤਾ ਅਮ੍ਰਿਤਾਨੰਦਮਈ ‘ਅੰਮਾ’ ਦੇ 70ਵੇਂ ਜਨਮ ਦਿਨ ‘ਤੇ ਇੱਕ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ। ਅੰਮਾ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਹ ਸੇਵਾ ਅਤੇ ਅਧਿਆਤਮਿਕਤਾ ਦਾ ਪ੍ਰਤੀਕ ਹਨ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਦੁਨੀਆ ਭਰ ਵਿੱਚ ਪਿਆਰ ਅਤੇ ਹਮਦਰਦੀ ਫੈਲਾਉਣ ਦਾ ਉਨ੍ਹਾਂ ਦਾ ਮਿਸ਼ਨ ਅੱਗੇ ਵੱਧਦਾ ਰਹੇਗਾ। ਮੋਦੀ ਨੇ ਅੰਮਾ ਦੇ ਪੈਰੋਕਾਰਾਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਅੰਮਾ ਨਾਲ 30 ਸਾਲਾਂ ਤੋਂ ਵੱਧ ਸਮੇਂ ਦੇ ਆਪਣੇ ਸਬੰਧਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੱਛ ਦੇ ਭੂਚਾਲ ਤੋਂ ਬਾਅਦ ਲੰਬੇ ਸਮੇਂ ਤੱਕ ਉਨ੍ਹਾਂ ਨਾਲ ਕੰਮ ਕਰਨ ਨੂੰ ਯਾਦ ਕੀਤਾ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੇ ਅੰਮਾ ਦਾ 60ਵਾਂ ਜਨਮ ਦਿਨ ਅੰਮ੍ਰਿਤਾਪੁਰੀ ਵਿੱਚ ਮਨਾਇਆ ਸੀ। ਮੋਦੀ ਨੇ ਕਿਹਾ ਅੱਜ ਵੀ ਅੰਮਾ ਦੇ ਮੁਸਕਰਾਉਂਦੇ ਚਿਹਰੇ ਅਤੇ ਪਿਆਰ ਭਰੇ ਸੁਭਾਅ ਦਾ ਨਿੱਘ ਪਹਿਲਾਂ ਵਾਂਗ ਹੀ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਪਿਛਲੇ 10 ਸਾਲਾਂ ਵਿੱਚ ਅੰਮਾ ਦਾ ਕੰਮ ਅਤੇ ਦੁਨੀਆ ਉੱਤੇ ਉਨ੍ਹਾਂ ਦਾ ਪ੍ਰਭਾਵ ਕਈ ਗੁਣਾ ਵਧਿਆ ਹੈ। ਮੋਦੀ ਨੇ ਅੰਮਾ ਦੀ ਮੌਜੂਦਗੀ ‘ਚ ਹਰਿਆਣਾ ਦੇ ਫਰੀਦਾਬਾਦ ‘ਚ ਅੰਮ੍ਰਿਤਾ ਹਸਪਤਾਲ ਦੇ ਉਦਘਾਟਨ ਦੇ ਪਲ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ਅੰਮਾ ਦੀ ਮੌਜੂਦਗੀ ਅਤੇ ਉਨ੍ਹਾਂ ਦੀਆਂ ਅਸੀਸਾਂ ਦੀ ਆਭਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ, ਅਸੀਂ ਇਸਨੂੰ ਸਿਰਫ ਮਹਿਸੂਸ ਕਰ ਸਕਦੇ ਹਾਂ। ਉਨ੍ਹਾਂ ਨੇ ਦੁਹਰਾਇਆ ਕਿ ਅੰਮਾ ਪਿਆਰ, ਹਮਦਰਦੀ, ਸੇਵਾ ਅਤੇ ਤਿਆਗ ਦੀ ਮੂਰਤ ਹਨ ਅਤੇ ਉਹ ਭਾਰਤ ਦੀ ਅਧਿਆਤਮਿਕ ਪਰੰਪਰਾ ਦੀ ਵਾਹਕ ਹਨ।’’
ਪ੍ਰਧਾਨ ਮੰਤਰੀ ਨੇ ਦੇਸ਼-ਵਿਦੇਸ਼ ਵਿੱਚ ਸੰਸਥਾਵਾਂ ਬਣਾਉਣ ਅਤੇ ਉਤਸ਼ਾਹਿਤ ਕਰਨ ਵਿੱਚ ਅੰਮਾ ਦੇ ਕੰਮ ਦੇ ਇੱਕ ਹੋਰ ਪਹਿਲੂ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ, “ਭਾਵੇਂ ਇਹ ਸਿਹਤ ਜਾਂ ਸਿੱਖਿਆ ਦਾ ਖੇਤਰ ਹੋਵੇ, ਅੰਮਾ ਦੇ ਮਾਰਗਦਰਸ਼ਨ ਵਿੱਚ ਹਰ ਸੰਸਥਾ ਨੇ ਮਨੁੱਖੀ ਸੇਵਾ ਅਤੇ ਸਮਾਜ ਕਲਿਆਣ ਵਿੱਚ ਯੋਗਦਾਨ ਪਾਇਆ ਹੈ ਅਤੇ ਨਵੀਂ ਉਚਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਦੇਸ਼ ਵਿੱਚ ਸ਼ੁਰੂ ਕੀਤੀ ਸਫਾਈ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੰਮਾ ਉਨ੍ਹਾਂ ਪਹਿਲੇ ਵਿਅਕਤੀਆਂ ਵਿੱਚੋਂ ਇੱਕ ਸਨ ਜੋ ਇਸਨੂੰ ਸਫ਼ਲ ਬਣਾਉਣ ਲਈ ਅੱਗੇ ਆਈ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਗੰਗਾ ਦੇ ਕਿਨਾਰੇ ਪਖਾਨੇ ਬਣਾਉਣ ਲਈ 100 ਕਰੋੜ ਰੁਪਏ ਵੀ ਦਾਨ ਕੀਤੇ, ਜਿਸ ਨਾਲ ਸਫਾਈ ਨੂੰ ਨਵਾਂ ਹੁਲਾਰਾ ਮਿਲਿਆ। ਉਨ੍ਹਾਂ ਕਿਹਾ, ”ਅੰਮਾ ਦੇ ਦੁਨੀਆ ਭਰ ‘ਚ ਅਨੁਯਾਈ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਭਾਰਤ ਦੇ ਅਕਸ ਅਤੇ ਇਸ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਕੀਤਾ ਹੈ। ਜਦੋਂ ਪ੍ਰੇਰਨਾ ਇੰਨੀ ਮਹਾਨ ਹੁੰਦੀ ਹੈ, ਤਾਂ ਕੋਸ਼ਿਸ਼ਾਂ ਵੀ ਮਹਾਨ ਬਣ ਜਾਂਦੀਆਂ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮਾ ਵਰਗੀਆਂ ਸ਼ਖਸੀਅਤਾਂ ਵਿਕਾਸ ਲਈ ਭਾਰਤ ਦੀ ਮਨੁੱਖੀ-ਕੇਂਦ੍ਰਿਤ ਪਹੁੰਚ ਦਾ ਪ੍ਰਤੀਬਿੰਬ ਹਨ ਜਿਨ੍ਹਾਂ ਨੂੰ ਅੱਜ ਮਹਾਂਮਾਰੀ ਤੋਂ ਬਾਅਦ ਦੇ ਸੰਸਾਰ ਵਿੱਚ ਸਵੀਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮਾ ਨੇ ਹਮੇਸ਼ਾ ਹੀ ਅਪਾਹਜਾਂ ਦੇ ਸਸ਼ਕਤੀਕਰਨ ਅਤੇ ਪੱਛੜਿਆਂ ਨੂੰ ਪਹਿਲ ਦੇਣ ਦਾ ਮਾਨਵਤਾਵਾਦੀ ਬਲਿਦਾਨ ਦਿੱਤਾ ਹੈ। ਕੁਝ ਦਿਨ ਪਹਿਲਾਂ ਸੰਸਦ ਵਿੱਚ ਪਾਸ ਕੀਤੇ ਗਏ ਨਾਰੀਸ਼ਕਤੀ ਵੰਦਨ ਐਕਟ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅੰਮਾ ਵਰਗੀ ਪ੍ਰੇਰਨਾਦਾਇਕ ਸ਼ਖਸੀਅਤ ਨਾਲ ਦੇਸ਼ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦੇ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਅੰਮਾ ਦੇ ਪੈਰੋਕਾਰ ਵਿਸ਼ਵ ਵਿੱਚ ਸ਼ਾਂਤੀ ਅਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
