ਮੁੰਬਈ, 26 ਸਤੰਬਰ (ਹਿ. ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਮੰਗਲਵਾਰ ਨੂੰ ਮੁੰਬਈ ਦੇ ਕਈ ਗਣੇਸ਼ ਉਤਸਵ ਮੰਡਲਾਂ ਦੇ ਪੰਡਾਲਾਂ ’ਚ ਜਾ ਕੇ ਭਗਵਾਨ ਗਣੇਸ਼ ਦੀ ਪੂਜਾ ਕੀਤੀ। ਇਸ ਤੋਂ ਬਾਅਦ ਨੱਡਾ ਨੇ ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨਾਲ ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਤੇ ਵੀ ਚਰਚਾ ਕੀਤੀ।
ਜੇਪੀ ਨੱਡਾ ਮੰਗਲਵਾਰ ਸਵੇਰੇ ਮੁੰਬਈ ਦੇ ਮਸ਼ਹੂਰ ਲਾਲਬਾਗ ਦੇ ਰਾਜਾ ਗਣੇਸ਼ ਉਤਸਵ ਮੰਡਲ ਦੇ ਪੰਡਾਲ ’ਚ ਗਏ ਅਤੇ ਭਗਵਾਨ ਗਣੇਸ਼ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਨੱਡਾ ਪਿਛਲੇ 138 ਸਾਲਾਂ ਤੋਂ ਲਗਾਤਾਰ ਸਥਾਪਿਤ ਗਿਰਗਾਓਂ ਸਥਿਤ ਗਣੇਸ਼ ਉਤਸਵ ਮੰਡਲ ’ਚ ਗਏ ਅਤੇ ਉੱਥੇ ਭਗਵਾਨ ਗਣੇਸ਼ ਦੀ ਪੂਜਾ ਕੀਤੀ। ਇਸ ਤੋਂ ਬਾਅਦ ਨੱਡਾ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਮੁੰਬਈ ਭਾਜਪਾ ਪ੍ਰਧਾਨ ਆਸ਼ੀਸ਼ ਸੇਲਾਰ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦੇ ਘਰ ਜਾ ਕੇ ਭਗਵਾਨ ਗਣੇਸ਼ ਦੀ ਪੂਜਾ ਕੀਤੀ।
ਜੇਪੀ ਨੱਡਾ ਨੇ ਦੇਵੇਂਦਰ ਫੜਨਵੀਸ ਦੀ ਸਰਕਾਰੀ ਰਿਹਾਇਸ਼ ’ਤੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਮਹਾਰਾਸ਼ਟਰ ਦੀ ਸਿਆਸੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਭਾਜਪਾ ਪ੍ਰਦੇਸ਼ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ, ਮੁੰਬਈ ਭਾਜਪਾ ਪ੍ਰਧਾਨ ਆਸ਼ੀਸ਼ ਸ਼ੇਲਾਰ ਸਮੇਤ ਕਈ ਭਾਜਪਾ ਆਗੂ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
