ਅਯੁੱਧਿਆਧਾਮ, 21 ਜਨਵਰੀ (ਹਿ.ਸ.)। ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆਧਾਮ ਵਿੱਚ ਖੁਸ਼ੀਆਂ ਦੇ ਦੀਵੇ ਜਗਮਗ ਕਰ ਰਹੇ ਹਨ। ਸਾਰੀਆਂ ਦਿਸ਼ਾਵਾਂ ਅਖੰਡ ਰਾਮਧੁਨ ਦੇ ਜੈਕਾਰਿਆਂ ਨਾਲ ਗੂੰਜ ਰਹੀਆਂ ਹਨ। ਭਾਰਤ ਲਈ 22 ਜਨਵਰੀ ਦੀ ਤਾਰੀਖ ਬਹੁਤ ਸ਼ੁਭ ਅਤੇ ਭਾਵੁਕ ਕਰ ਦੇਣ ਵਾਲੀ ਹੋਵੇਗੀ। ਮਰਿਯਾਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੀ ਸੋਮਵਾਰ ਨੂੰ ਇੱਥੇ ਨਵੇਂ ਬਣੇ ਸ੍ਰੀ ਰਾਮ ਮੰਦਰ ‘ਚ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੰਜ ਦਿਨ ਵੈਦਿਕ ਰਸਮਾਂ ਕੀਤੀਆਂ ਗਈਆਂ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਕਿਹਾ ਕਿ ਅੱਜ (ਐਤਵਾਰ) ਮੂਰਤੀ ਨੂੰ 114 ਕਲਸ਼ਾਂ ਤੋਂ ਵੱਖ-ਵੱਖ ਔਸ਼ਧੀ ਜਲਾਂ ਨਾਲ ਇਸ਼ਨਾਨ ਕਰਵਾਇਆ ਜਾਵੇਗਾ।
ਭਗਵਾਨ ਸ੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਲਈ ਸੱਤ ਦਿਨਾਂ ਦੀਆਂ ਰਸਮਾਂ ਚੱਲ ਰਹੀਆਂ ਹਨ। ਇਸ ਸਿਲਸਿਲੇ ਵਿੱਚ 20 ਜਨਵਰੀ ਨੂੰ ਪੁਸ਼ਪਧਿਵਾਸ, ਸ਼ਕ੍ਰਾਧਿਵਾਸ ਅਤੇ ਫਲਾਧਿਵਾਸ ਕੀਤਾ ਗਿਆ। ਰੋਜ਼ਾਨਾ ਪੂਜਾ-ਪਾਠ, ਹਵਨ ਆਦਿ ਦੇ ਨਾਲ-ਨਾਲ ਖੰਡ ਅਤੇ ਫਲਾਂ ਨਾਲ ਵੀ ਰਸਮ ਕੀਤੀ ਗਈ। ਬ੍ਰਹਮ ਅਤੇ ਵਿਸ਼ਾਲ ਮੰਦਰ ਦੇ ਵਿਹੜੇ ਵਿੱਚ 81 ਕਲਸ਼ ਸਥਾਪਿਤ ਕਰਕੇ ਪੂਜਾ ਅਰਚਨਾ ਕੀਤੀ ਗਈ। ਸ਼ਾਮ ਨੂੰ ਪੂਜਾ ਅਤੇ ਆਰਤੀ ਵੀ ਹੋਈ। ਸ਼ੁੱਕਰਵਾਰ ਨੂੰ, ਮੈਸੂਰ ਦੇ ਪ੍ਰਸਿੱਧ ਮੂਰਤੀਕਾਰ ਅਰੁਣ ਯੋਗੀਰਾਜ ਦੁਆਰਾ ਬਣਾਈ ਗਈ ਸ੍ਰੀ ਰਾਮਲਲਾ ਦੀ ਮੂਰਤੀ ਨੂੰ ਮੰਦਰ ਦੇ ਪਵਿੱਤਰ ਅਸਥਾਨ ਵਿੱਚ ਦਾਖਲ ਕਰਵਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਸ੍ਰੀ ਰਾਮ ਲੱਲਾ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 140 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਦੀ ਅਗਵਾਈ ਕਰਨਗੇ। ਅਯੁੱਧਿਆਧਾਮ ‘ਚ ਲਘੂ ਭਾਰਤ ਦੇ ਦਰਸ਼ਨ ਹੋਣਗੇ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਕਹਿਣਾ ਹੈ ਕਿ ਸ੍ਰੀ ਰਾਮ ਜਨਮ ਭੂਮੀ ਮੰਦਰ ਦੀ ਸਥਾਪਨਾ ਭਾਰਤ ਦੇ ਸੱਭਿਆਚਾਰਕ ਪੁਨਰਜਾਗਰਣ ਦੀ ਅਧਿਆਤਮਿਕ ਰਸਮ ਹੈ। ਇਹ ਰਾਸ਼ਟਰੀ ਮੰਦਰ ਹੈ। ਸ੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਰਾਸ਼ਟਰੀ ਗੌਰਵ ਦਾ ਇਤਿਹਾਸਕ ਅਵਸਰ ਹੈ। ਰਾਮ ਕਿਰਪਾ ਨਾਲ ਹੁਣ ਕੋਈ ਵੀ ਅਯੁੱਧਿਆ ਦੀ ਪਰੰਪਰਾਗਤ ਪਰਿਕ੍ਰਮਾ ਵਿੱਚ ਵਿਘਨ ਨਹੀਂ ਪਾ ਸਕੇਗਾ। ਅਯੁੱਧਿਆ ਦੀਆਂ ਗਲੀਆਂ ਵਿੱਚ ਗੋਲੀਆਂ ਨਹੀਂ ਚੱਲਣਗੀਆਂ। ਸਰਯੂਜੀ ਖੂਨ ਨਾਲ ਰੰਗੀ ਨਹੀਂ ਜਾਵੇਗੀ। ਅਯੁੱਧਿਆ ‘ਚ ਕਰਫਿਊ ਦਾ ਕਹਿਰ ਨਹੀਂ ਹੋਵੇਗਾ। ਇੱਥੇ ਸਿਰਫ਼ ਉਤਸਵ ਹੋਵੇਗਾ। ਰਾਮਨਾਮ ਸੰਕੀਰਤਨ ਗੂੰਜੇਗਾ। ਅਵਧਪੁਰੀ ਵਿੱਚ ਰਾਮ ਲੱਲਾ ਦਾ ਬਿਰਾਜਮਾਨ ਹੋਣਾ ਭਾਰਤ ਵਿੱਚ ਰਾਮਰਾਜ ਦੀ ਸਥਾਪਨਾ ਹੋਣਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
