ਨਵੀਂ ਦਿੱਲੀ, 01 ਨਵੰਬਰ (ਹਿ. ਸ.)। ਭਾਰਤੀ ਹਥਿਆਰਬੰਦ ਬਲਾਂ ਦੀ ਸੁਪਰੀਮ ਕਮਾਂਡਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਫੌਜ ਦੇ ਮੇਜਰ ਨੂੰ ਬਰਖਾਸਤ ਕਰ ਦਿੱਤਾ ਹੈ। ਸਟ੍ਰੈਟਜਿਕ ਫੋਰਸਿਜ਼ ਕਮਾਂਡ (ਐੱਸਐੱਫਸੀ) ਯੂਨਿਟ ਵਿੱਚ ਤਾਇਨਾਤ ਮੇਜਰ ਵਿਰੁੱਧ ਮਾਰਚ 2022 ਤੋਂ ਜਾਂਚ ਚੱਲ ਰਹੀ ਸੀ। ਇਸੇ ਜਾਸੂਸੀ ਮਾਮਲੇ ਵਿੱਚ ਇੱਕ ਕਰਨਲ ਅਤੇ ਇੱਕ ਬ੍ਰਿਗੇਡੀਅਰ ਸਮੇਤ ਚਾਰ ਸੀਨੀਅਰ ਫ਼ੌਜੀ ਅਫ਼ਸਰਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ।
ਬਰਖ਼ਾਸਤ ਮੇਜਰ ‘ਤੇ ਦੋਸ਼ ਹੈ ਹੈ ਕਿ ਉਸਨੇ ਉੱਤਰੀ ਭਾਰਤ ਵਿਚ ਐੱਸਐੱਫਸੀ ਯੂਨਿਟ ਵਿਚ ਤਾਇਨਾਤੀ ਦੌਰਾਨ ਆਪਣੇ ਮੋਬਾਈਲ ‘ਤੇ ਪਟਿਆਲਾ ਪੈਗ ਨਾਮ ਦਾ ਇਕ ਵਟਸਐਪ ਗਰੁੱਪ ਬਣਾਇਆ ਅਤੇ ਇਸ ਦੇ ਜ਼ਰੀਏ ਉਸਨੇ ਇਕ ਪਾਕਿਸਤਾਨੀ ਏਜੰਟ ਨੂੰ ਮਹੱਤਵਪੂਰਨ ਡੇਟਾ ਲੀਕ ਕੀਤਾ। ਇੱਕ ਐਲਟੀ ਕਰਨਲ, ਬ੍ਰਿਗੇਡੀਅਰ ਅਤੇ ਦੋ ਹੋਰ ਉੱਚ ਫੌਜੀ ਅਧਿਕਾਰੀ ਵੀ ਉਸੇ ਵਟਸਐਪ ਗਰੁੱਪ ਦਾ ਹਿੱਸਾ ਸਨ। ਇਸੇ ਲਈ ਉਨ੍ਹਾਂ ਨੂੰ 2022 ਵਿੱਚ ਹੀ ਮੁਅੱਤਲ ਕਰ ਦਿੱਤਾ ਗਿਆ ਸੀ। ਉਦੋਂ ਤੋਂ ਹੀ, ਪਾਕਿਸਤਾਨੀ ਏਜੰਟ ਦੇ ਸੰਪਰਕ ਵਿੱਚ ਹੋਣ ਦੇ ਦੋਸ਼ ਵਿੱਚ ਐੱਸਐੱਫਸੀ ਯੂਨਿਟ ਵਿੱਚ ਤਾਇਨਾਤ ਇੱਕ ਭਾਰਤੀ ਫੌਜ ਦੇ ਮੇਜਰ ਵਿਰੁੱਧ ਜਾਂਚ ਕੀਤੀ ਜਾ ਰਹੀ ਸੀ।
ਭਾਰਤੀ ਫੌਜ ਦੀ ਰਣਨੀਤਕ ਫੋਰਸ ਕਮਾਂਡ ਦੇਸ਼ ਦੇ ਪ੍ਰਾਮਾਣੂ ਹਥਿਆਰਾਂ ਦਾ ਪ੍ਰਬੰਧਨ ਕਰਦੀ ਹੈ, ਇਸ ਲਈ 2022 ਤੋਂ ਜਾਂਚ ਦੇ ਘੇਰੇ ਵਿੱਚ ਆਏ ਮੇਜਰ ਦੁਆਰਾ ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਦੇ ਲੀਕ ਹੋਣ ਦਾ ਖ਼ਤਰਾ ਵੀ ਸੀ। ਮੇਜਰ ‘ਤੇ ਫੌਜੀ ਨਿਯਮਾਂ ਦੇ ਉਲਟ ਆਪਣੇ ਇਲੈਕਟ੍ਰਾਨਿਕ ਡਿਵਾਈਸ ‘ਚ ਗੁਪਤ ਦਸਤਾਵੇਜ਼ ਰੱਖਣ ਦਾ ਦੋਸ਼ ਸੀ। ਰਾਸ਼ਟਰੀ ਸੁਰੱਖਿਆ ਨਾਲ ਸਮਝੌਤੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਅਧਿਕਾਰੀਆਂ ਦਾ ਇੱਕ ਬੋਰਡ ਬਣਾਇਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਮੇਜਰ ਨੇ ਗੁਪਤ ਦਸਤਾਵੇਜ਼ ਦੀ ਕਾਪੀ ਆਪਣੇ ਇਲੈਕਟ੍ਰਾਨਿਕ ਡਿਵਾਈਸਾਂ ‘ਤੇ ਰੱਖੀ ਹੋਈ ਸੀ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਚੈਟ ਰਾਹੀਂ ਪਾਕਿਸਤਾਨੀ ਖੁਫ਼ੀਆ ਏਜੰਸੀ ਦੇ ਆਪਰੇਟਰ ਦੇ ਸੰਪਰਕ ਵਿੱਚ ਵੀ ਸੀ।
ਰਾਸ਼ਟਰਪਤੀ ਨੇ ਆਰਮੀ ਐਕਟ, 1950 ਦੀ ਧਾਰਾ 18 ਦੁਆਰਾ ਸੰਵਿਧਾਨ ਦੀ ਧਾਰਾ 310 ਅਤੇ ਇਸ ਸਬੰਧ ਵਿੱਚ ਸਮਰੱਥ ਹੋਰ ਸਾਰੀਆਂ ਸ਼ਕਤੀਆਂ ਨਾਲ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੇਜਰ ਦੀਆਂ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰਨ ਦਾ ਆਦੇਸ਼ ਦਿੱਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
