ਨਵੀਂ ਦਿੱਲੀ, 12 ਦਸੰਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਮੰਗਲਵਾਰ) ਸ਼ਾਮ 5 ਵਜੇ ਰਾਸ਼ਟਰੀ ਰਾਜਧਾਨੀ ਦੇ ਭਾਰਤ ਮੰਡਪਮ ਵਿਖੇ ਤਿੰਨ ਦਿਨ੍ਹਾਂ ਗਲੋਬਲ ਪਾਰਟਨਰਸ਼ਿਪ ਆਨ ਆਰਟੀਫਿਸ਼ੀਅਲ ਇੰਟੈਲੀਜੈਂਸ (ਜੀ. ਪੀ. ਏ. ਆਈ.) ਸੰਮੇਲਨ ਦਾ ਉਦਘਾਟਨ ਕਰਨਗੇ। ਜੀ. ਪੀ. ਏ. ਆਈ. 29 ਮੈਂਬਰ ਦੇਸ਼ਾਂ ਦੇ ਨਾਲ ਬਹੁ-ਹਿੱਤਧਾਰਕ ਪਹਿਲ ਹੈ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਇੱਕ ਸੰਖੇਪ ਤਸਵੀਰੀ ਵੇਰਵਾ ਭਾਰਤੀ ਜਨਤਾ ਪਾਰਟੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ।
ਗਲੋਬਲ ਪਾਰਟਨਰਸ਼ਿਪ ਆਨ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨਾਲ ਸਬੰਧਤ ਤਰਜੀਹਾਂ ‘ਤੇ ਅਤਿ-ਆਧੁਨਿਕ ਖੋਜ ਅਤੇ ਵਿਹਾਰਕ ਗਤੀਵਿਧੀਆਂ ਦਾ ਸਮਰਥਨ ਕਰਕੇ ਉਸਦੇ ਸਿਧਾਂਤ ਅਤੇ ਅਭਿਆਸ ਵਿਚਕਾਰ ਪਾੜੇ ਨੂੰ ਦੂਰ ਕਰਨਾ ਹੈ। 2020 ਵਿੱਚ ਜੀ. ਪੀ. ਏ. ਆਈ. ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਭਾਰਤ 2024 ਤੱਕ ਜੀ. ਪੀ. ਏ. ਆਈ. ਦਾ ਪ੍ਰਧਾਨ ਹੈ।
ਇਸ ਸੰਮੇਲਨ ਵਿੱਚ ਦੇਸ਼ ਭਰ ਤੋਂ 50 ਤੋਂ ਵੱਧ ਜੀ. ਪੀ. ਏ. ਆਈ. ਮਾਹਿਰ ਅਤੇ 150 ਬੁਲਾਰੇ ਹਿੱਸਾ ਲੈਣਗੇ। ਇਸ ਤੋਂ ਇਲਾਵਾ ਇੰਟੇਲ, ਰਿਲਾਇੰਸ ਜੀਓ, ਗੂਗਲ, ਮੇਟਾ, ਏ. ਡਬਲਯੂ. ਐੱਸ., ਯੋਟਾ, ਨੈੱਟਵੈਬ, ਪੇਟੀਐੱਮ, ਮਾਈਕ੍ਰੋਸਾਫਟ, ਮਾਸਟਰਕਾਰਡ, ਐੱਨ. ਆਈ. ਸੀ., ਐੱਸ. ਟੀ. ਪੀ. ਆਈ., ਇਮਰਸ, ਜੀਓ ਹੈਪਟਿਕ, ਭਾਸ਼ਿਨੀ ਆਦਿ ਸਮੇਤ ਦੁਨੀਆ ਭਰ ਦੇ ਚੋਟੀ ਦੇ ਏਆਈ ਗੇਮਚੇਂਜਰ ਵੱਖ-ਵੱਖ ਪ੍ਰੋਗਰਾਮਾਂ ਦਾ ਹਿੱਸਾ ਹੋਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
