ਨਵੀਂ ਦਿੱਲੀ, 19 ਜਨਵਰੀ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸ਼ੁੱਕਰਵਾਰ) ਤਿੰਨ ਰਾਜਾਂ ਮਹਾਰਾਸ਼ਟਰ, ਕਰਨਾਟਕ ਅਤੇ ਤਾਮਿਲਨਾਡੂ ਦੇ ਦੌਰੇ ‘ਤੇ ਹੋਣਗੇ। ਉਹ ਪਹਿਲਾਂ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਦੁਪਹਿਰ ਨੂੰ ਉਹ ਕਰਨਾਟਕ ਦੇ ਬੈਂਗਲੁਰੂ ‘ਚ ਬੋਇੰਗ ਇੰਡੀਆ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਕੇਂਦਰ ਦਾ ਉਦਘਾਟਨ ਕਰਨਗੇ ਅਤੇ ਬੋਇੰਗ ਸੁਕੰਨਿਆ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਸ਼ਾਮ ਨੂੰ ਉਹ ਤਾਮਿਲਨਾਡੂ ਦੇ ਚੇਨਈ ਵਿਖੇ ਖੇਲੋ ਇੰਡੀਆ ਯੂਥ ਖੇਡਾਂ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਇਹ ਜਾਣਕਾਰੀ ਪੀ.ਆਈ.ਬੀ. ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ।
ਪੀਆਈਬੀ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਸੋਲਾਪੁਰ ਵਿੱਚ ਲਗਭਗ 2,000 ਕਰੋੜ ਰੁਪਏ ਦੇ ਅੱਠ ਅਮਰੂਤ (ਅਟਲ ਮਿਸ਼ਨ ਫਾਰ ਰੀਜੁਵੇਨੇਸ਼ਨ ਐਂਡ ਅਰਬਨ ਟ੍ਰਾਂਸਫਾਰਮੇਸ਼ਨ) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਮਹਾਰਾਸ਼ਟਰ ਵਿੱਚ ਪੀਐੱਮਏਵਾਈ-ਅਰਬਨ ਦੇ ਤਹਿਤ ਮੁਕੰਮਲ ਹੋਏ 90,000 ਤੋਂ ਵੱਧ ਘਰਾਂ ਨੂੰ ਸੌਂਪਣਗੇ। ਇਸ ਤੋਂ ਇਲਾਵਾ ਸੋਲਾਪੁਰ ‘ਚ ਰਾਏਨਗਰ ਹਾਊਸਿੰਗ ਸੁਸਾਇਟੀ ਦੇ 15,000 ਘਰ ਸੌਂਪੇ ਜਾਣਗੇ। ਪੀਐੱਮ-ਸਵਾ ਨਿਧੀ ਦੇ 10,000 ਲਾਭਪਾਤਰੀਆਂ ਨੂੰ ਪਹਿਲੀ ਅਤੇ ਦੂਜੀ ਕਿਸ਼ਤ ਦੀ ਵੰਡ ਸ਼ੁਰੂ ਕਰਨਗੇ।
ਰਿਲੀਜ਼ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਂਗਲੁਰੂ ਵਿੱਚ ਨਵੇਂ ਅਤਿ-ਆਧੁਨਿਕ ਬੋਇੰਗ ਇੰਡੀਆ ਇੰਜੀਨੀਅਰਿੰਗ ਅਤੇ ਤਕਨਾਲੋਜੀ ਕੇਂਦਰ (ਬੀਆਈਈਟੀਸੀ) ਕੈਂਪਸ ਦਾ ਉਦਘਾਟਨ ਕਰਨਗੇ। 1,600 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ, 43 ਏਕੜ ਦਾ ਇਹ ਕੰਪਲੈਕਸ ਅਮਰੀਕਾ ਤੋਂ ਬਾਹਰ ਬੋਇੰਗ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਦੇਸ਼ ਵਿੱਚ ਬੋਇੰਗ ਦਾ ਨਵਾਂ ਕੈਂਪਸ ਭਾਰਤ ਦੇ ਵਾਈਬ੍ਰੈਂਟ ਸਟਾਰਟਅੱਪ, ਪ੍ਰਾਈਵੇਟ ਅਤੇ ਸਰਕਾਰੀ ਈਕੋਸਿਸਟਮ ਨਾਲ ਸਾਂਝੇਦਾਰੀ ਦਾ ਆਧਾਰ ਬਣੇਗਾ। ਇਹ ਗਲੋਬਲ ਏਰੋਸਪੇਸ ਅਤੇ ਰੱਖਿਆ ਉਦਯੋਗ ਲਈ ਅਗਲੀ ਪੀੜ੍ਹੀ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਵਿਕਸਤ ਕਰਨ ਵਿੱਚ ਵੀ ਮਦਦ ਕਰੇਗਾ।
ਪ੍ਰਧਾਨ ਮੰਤਰੀ ਬੋਇੰਗ ਸੁਕੰਨਿਆ ਪ੍ਰੋਗਰਾਮ ਦੀ ਵੀ ਸ਼ੁਰੂਆਤ ਕਰਨਗੇ। ਇਸ ਦਾ ਉਦੇਸ਼ ਦੇਸ਼ ਦੇ ਵਧਦੇ ਹਵਾਬਾਜ਼ੀ ਖੇਤਰ ਵਿੱਚ ਦਾਖਲ ਹੋਣ ਲਈ ਦੇਸ਼ ਭਰ ਦੀਆਂ ਵੱਧ ਤੋਂ ਵੱਧ ਲੜਕੀਆਂ ਨੂੰ ਸਮਰਥਨ ਦੇਣਾ ਹੈ। ਇਹ ਪ੍ਰੋਗਰਾਮ ਭਾਰਤ ਭਰ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਦੇ ਖੇਤਰਾਂ ਵਿੱਚ ਮਹੱਤਵਪੂਰਨ ਹੁਨਰ ਸਿੱਖਣ ਅਤੇ ਹਵਾਬਾਜ਼ੀ ਖੇਤਰ ਵਿੱਚ ਨੌਕਰੀਆਂ ਲਈ ਸਿਖਲਾਈ ਦੇਣ ਦੇ ਮੌਕੇ ਪ੍ਰਦਾਨ ਕਰੇਗਾ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਛੇਵੀਂ ਖੇਲੋ ਇੰਡੀਆ ਯੁਵਾ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਇਹ ਚੇਨਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਵੇਗਾ। ਇਹ ਪਹਿਲੀ ਵਾਰ ਹੈ ਜਦੋਂ ਦੱਖਣ ਭਾਰਤ ਵਿੱਚ ਖੇਲੋ ਇੰਡੀਆ ਯੁਵਾ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਖੇਡ ਸਮਾਗਮ 19 ਤੋਂ 31 ਜਨਵਰੀ, 2024 ਤੱਕ ਤਾਮਿਲਨਾਡੂ ਦੇ ਚਾਰ ਸ਼ਹਿਰਾਂ ਚੇਨਈ, ਮਦੁਰਾਈ, ਤ੍ਰਿਚੀ ਅਤੇ ਕੋਇੰਬਟੂਰ ਵਿੱਚ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ਦਾ ਮਾਸਕਟ ਵੀਰਾ ਮਾਂਗਈ ਹੈ। ਰਾਣੀ ਵੇਲੁ ਨਚਿਆਰ ਨੂੰ ਪਿਆਰ ਨਾਲ ਵੀਰਾ ਮਾਂਗਈ ਕਿਹਾ ਜਾਂਦਾ ਹੈ। ਇਹ ਮਾਸਕਟ ਭਾਰਤੀ ਔਰਤਾਂ ਦੀ ਬਹਾਦਰੀ ਅਤੇ ਜਜ਼ਬੇ ਦਾ ਪ੍ਰਤੀਕ ਹੈ। ਇਨ੍ਹਾਂ ਖੇਡਾਂ ਦੇ ਮਾਸਕਟ ਵਿੱਚ ਕਵੀ ਤਿਰੂਵੱਲੂਵਰ ਦਾ ਚਿੱਤਰ ਵੀ ਸ਼ਾਮਲ ਹੈ।
ਪੀਆਈਬੀ ਮੁਤਾਬਕ ਉਦਘਾਟਨੀ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਮੋਦੀ ਪ੍ਰਸਾਰਣ ਖੇਤਰ ਨਾਲ ਸਬੰਧਤ ਕਰੀਬ 250 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਇਸ ਵਿੱਚ ਡੀਡੀ ਪੋਧੀਗਈ ਨੂੰ ਡੀਡੀ ਤਮਿਲ ਦੇ ਰੂਪ ਵਿੱਚ ਦੁਬਾਰਾ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੱਠ ਰਾਜਾਂ ਵਿੱਚ 12 ਆਕਾਸ਼ਵਾਣੀ ਐਫਐਮ ਪ੍ਰੋਜੈਕਟ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਚਾਰ ਡੀਡੀ ਟ੍ਰਾਂਸਮੀਟਰ ਵੀ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ 12 ਰਾਜਾਂ ਵਿੱਚ 26 ਨਵੇਂ ਐਫਐਮ ਟ੍ਰਾਂਸਮੀਟਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
