ਨਵੀਂ ਦਿੱਲੀ, 25 ਦਸੰਬਰ (ਹਿ. ਸ.)। ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਦੀ 162ਵੀਂ ਜਯੰਤੀ ‘ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਸਨਮਾਨ ‘ਚ ਵਿਗਿਆਨ ਭਵਨ ‘ਚ ਆਯੋਜਿਤ ਇਕ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ‘ਪੰਡਿਤ ਮਦਨ ਮੋਹਨ ਮਾਲਵੀਆ ਦੀਆਂ ਸੰਗ੍ਰਹਿਤ ਰਚਨਾਵਾਂ’ ਦੇ 11 ਖੰਡਾਂ ਦੀ ਪਹਿਲੀ ਲੜੀ ਜਾਰੀ ਕਰਨਗੇ। ਇਹ ਜਾਣਕਾਰੀ ਪੀ.ਆਈ.ਬੀ. ਦੀ ਰਿਲੀਜ਼ ’ਚ ਦਿੱਤੀ ਗਈ ਹੈ।
ਪੀ.ਆਈ.ਬੀ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਪ੍ਰੋਗਰਾਮ ਸ਼ਾਮ ਸਾਢੇ ਚਾਰ ਵਜੇ ਵਿਗਿਆਨ ਭਵਨ ਵਿਖੇ ਹੋਵੇਗਾ। ਪ੍ਰਧਾਨ ਮੰਤਰੀ ਸਮਾਗਮ ਵਿੱਚ ਮੌਜੂਦ ਪਤਵੰਤਿਆਂ ਨੂੰ ਵੀ ਸੰਬੋਧਨ ਕਰਨਗੇ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਅੰਮ੍ਰਿਤ ਕਾਲ’ ਦੌਰਾਨ ਪ੍ਰਧਾਨ ਮੰਤਰੀ ਦਾ ਇਹ ਦ੍ਰਿਸ਼ਟੀਕੋਣ ਰਿਹਾ ਹੈ ਕਿ ਦੇਸ਼ ਦੀ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਬਣਦਾ ਸਨਮਾਨ ਦਿੱਤਾ ਜਾਵੇ। ‘ਪੰਡਿਤ ਮਦਨ ਮੋਹਨ ਮਾਲਵੀਆ ਦੀਆਂ ਸੰਗ੍ਰਹਿਤ ਰਚਨਾਵਾਂ’ ਨੂੰ ਜਾਰੀ ਕਰਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਅਤੇ ਸ਼ਲਾਘਾਯੋਗ ਉਪਰਾਲਾ ਹੈ।
ਮਹਾਮਨਾ ਮਾਲਵੀਆ ਦੀਆਂ ਇਹ ਦੋ-ਭਾਸ਼ੀ ਰਚਨਾਵਾਂ (ਅੰਗਰੇਜ਼ੀ ਅਤੇ ਹਿੰਦੀ) 11 ਖੰਡਾਂ ’ਚ ਲਗਭਗ 4,000 ਪੰਨਿਆਂ ਦੀਆਂ ਹਨ। ਇਸ ਪੂਰੇ ਖੰਡ ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਦੇ ਲੇਖ ਅਤੇ ਭਾਸ਼ਣਾਂ ਨੂੰ ਇਕੱਤਰ ਕੀਤਾ ਗਿਆ ਹੈ। ਇਹ ਔਖਾ ਅਤੇ ਦੁਰਲੱਭ ਕਾਰਜ ਉੱਘੇ ਪੱਤਰਕਾਰ ਰਾਮ ਬਹਾਦੁਰ ਰਾਏ ਦੀ ਅਗਵਾਈ ਹੇਠ ਮਹਾਮਨਾ ਮਾਲਵੀਆ ਮਿਸ਼ਨ ਨੇ ਕੀਤਾ ਹੈ। ਵਿਸ਼ੇਸ਼ਤਾ ਇਹ ਹੈ ਕਿ ਮਿਸ਼ਨ ਦੀ ਸਮਰਪਿਤ ਟੀਮ ਨੇ ਭਾਸ਼ਾ ਅਤੇ ਪਾਠ ਵਿਚ ਕੋਈ ਬਦਲਾਅ ਕੀਤੇ ਬਿਨਾਂ ਪੰਡਿਤ ਮਦਨ ਮੋਹਨ ਮਾਲਵੀਆ ਦੇ ਮੂਲ ਸਾਹਿਤ ‘ਤੇ ਸ਼ਾਨਦਾਰ ਕੰਮ ਕੀਤਾ ਹੈ।
ਭਾਜਪਾ ਨੇ ਮਹਾਮਨਾ ਨੂੰ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕਰਦੇ ਹੋਏ ਲਿਖਿਆ ਹੈ – ‘ਰਾਸ਼ਟਰਵਾਦ ਦੇ ਕੱਟੜ ਸਮਰਥਕ, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਥਾਪਕ, ਮਹਾਨ ਆਜ਼ਾਦੀ ਘੁਲਾਟੀਏ ਅਤੇ ਸਿੱਖਿਆ ਸ਼ਾਸਤਰੀ, ‘ਭਾਰਤ ਰਤਨ’ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਉਨ੍ਹਾਂ ਦੀ ਜਯੰਤੀ ‘ਤੇ ਕੋਟਿਨ-ਕੋਟਿ ਨਮਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਉਨ੍ਹਾਂ ਨੂੰ ਯਾਦ ਕਰਦੇ ਹੋਏ ਲਿਖਿਆ ਹੈ – ‘ਇੱਕ ਵਿਅਕਤੀ ਆਪਣਾ ਜੀਵਨ ਰਾਸ਼ਟਰ, ਸੱਭਿਆਚਾਰ ਅਤੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਕਿਵੇਂ ਸਮਰਪਿਤ ਕਰ ਸਕਦਾ ਹੈ, ਇਸਦਾ ਸ਼ਾਨਦਾਰ ਉਦਾਹਰਣ ਪੰਡਮ ਮਦਨ ਮੋਹਨ ਮਾਲਵੀਆ ਜੀ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਨੌਜਵਾਨਾਂ ਵਿੱਚ ਰਾਸ਼ਟਰਵਾਦ ਦੀਆਂ ਕਦਰਾਂ-ਕੀਮਤਾਂ ਪੈਦਾ ਕਰਕੇ ਹੀ ਇੱਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਸੰਭਵ ਹੈ। ਭਾਰਤ ਰਤਨ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਉਨ੍ਹਾਂ ਦੀ ਜਯੰਤੀ ‘ਤੇ ਕੋਟਿਨ ਵੰਦਨ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਮਹਾਮਨਾ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
