ਅਹਿਮਦਾਬਾਦ, 30 ਦਸੰਬਰ (ਹਿ. ਸ.)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਰਾਮ ਮੰਦਰ ਦਾ ਮੁੱਦਾ ਸਾਲਾਂ ਤੋਂ ਲਟਕਦਾ ਰਿਹਾ। ਹੁਣ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ। ਕਾਸ਼ੀ ਕੋਰੀਡੋਰ ਵੀ ਬਣਾਇਆ ਗਿਆ। ਇਹ ਸ਼ੁਰੂਆਤ ਦੇਸ਼ ਵਿੱਚ ਇੱਕ ਸ਼ੁਭ ਸੰਕੇਤ ਹੈ। ਦੇਸ਼ ਦੀ ਆਰਥਿਕਤਾ ਦੁਨੀਆ ਵਿੱਚ ਪੰਜਵੇਂ ਸਥਾਨ ‘ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਆਤਮਾ ਨੂੰ ਜਗਾਇਆ ਹੈ। ਜਦੋਂ ਦੇਸ਼ ਸਾਲ 2046 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ ਤਾਂ ਭਾਰਤ ਦੁਨੀਆ ਦਾ ਸਭ ਤੋਂ ਸਰਵੋਤਮ ਦੇਸ਼ ਹੋਵੇਗਾ। ਸਾਲ 2024 ਵਿੱਚ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਓ ਅਤੇ 2027 ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗਾ।
ਕੇਂਦਰੀ ਗ੍ਰਹਿ ਮੰਤਰੀ ਸ਼ਨੀਵਾਰ ਨੂੰ ਅਹਿਮਦਾਬਾਦ ਦੌਰੇ ‘ਤੇ ਸਨ। ਉਹ ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਵਿਸ਼ਵਵਿਦਿਆ ਪ੍ਰਤੀਸਥਾਨਮ (ਐੱਸ.ਜੀ.ਵੀ.ਪੀ.) ਵਿਖੇ ਸ਼੍ਰੀ ਪੁਰਾਣੀ ਸਵਾਮੀ ਸਮ੍ਰਿਤੀ ਮਹੋਤਸਵ ਵਿੱਚ ਸ਼ਾਮਲ ਹੋਣ ਆਏ ਸਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਸਵਾਮੀਨਾਰਾਇਣ ਸੰਪਰਦਾ ਦੇ ਮੰਚ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਸੰਪਰਦਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਵਾਮੀਨਾਰਾਇਣ ਗੁਰੂਕੁਲ ਨੇ ਦੇਸ਼ ਭਰ ਵਿੱਚ ਚੰਗੇ ਨਾਗਰਿਕ ਪੈਦਾ ਕੀਤੇ ਹਨ, ਜਿਸ ਦਾ ਦੇਸ਼ ਨੂੰ ਲਾਭ ਹੋਇਆ ਹੈ। ਅਜਿਹੀਆਂ ਸੰਸਥਾਵਾਂ ਨੇ ਗੁਲਾਮੀ ਦੇ ਸਮੇਂ ਵਿੱਚ ਲੋਕਾਂ ਨੂੰ ਸਨਾਤਨ ਧਰਮ ਨਾਲ ਜੋੜੀ ਰੱਖਣ ਦਾ ਕੰਮ ਕੀਤਾ ਹੈ। ਸਵਾਮੀਨਾਰਾਇਣ ਸੰਪਰਦਾ ਦੀਆਂ ਵੱਖ-ਵੱਖ ਸੰਸਥਾਵਾਂ ਹਨ। ਜੇਕਰ ਗੁਜਰਾਤ ਵਿੱਚ ਅਜਿਹੀਆਂ ਸੰਸਥਾਵਾਂ ਨਾ ਹੁੰਦੀਆਂ ਤਾਂ ਇੱਥੇ ਸਿੱਖਿਆ ਨਾਲ ਸਬੰਧਤ ਕੰਮ ਮੁਸ਼ਕਲ ਹੋ ਜਾਣਾ ਸੀ। ਇੱਥੇ ਸਰਵਵਿਆਪੀ ਸਿੱਖਿਆ ਮੁਹਿੰਮ ਅਧੂਰੀ ਰਹਿ ਜਾਂਦੀ। ਸ਼ਾਹ ਨੇ ਕਿਹਾ ਕਿ ਸਵਾਮੀਨਾਰਨ ਸੰਪਰਦਾ ਨੇ ਕਬਾਇਲੀ ਖੇਤਰਾਂ ਵਿੱਚ ਧਰਮ ਪਰਿਵਰਤਨ ਨੂੰ ਰੋਕਿਆ ਹੈ। ਗਊ ਸੇਵਾ ਬਾਰੇ ਚਰਚਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਗਊ ਸੇਵਾ ਨੂੰ ਖੇਤੀ ਨਾਲ ਜੋੜਨ ਦਾ ਕੰਮ ਗੁਰੂਕੁਲ ਕਰਦਾ ਹੈ। ਇਸ ਮੌਕੇ ਸ਼ਾਹ ਨੇ ਗੁਰੂਕੁਲ ਸਬੰਧੀ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਇਸ ਮੌਕੇ ਐੱਸਜੀਵੀਪੀ ਦੇ ਬਾਲਸਵਾਮੀ ਨੇ ਕਿਹਾ ਕਿ ਇਹ ਦੇਸ਼ ਦਾ ਸੁਨਹਿਰੀ ਯੁੱਗ ਹੈ। ਜੇਕਰ ਸੁਨਹਿਰੀ ਯੁੱਗ ਨੂੰ ਜਾਰੀ ਰੱਖਣਾ ਹੈ ਤਾਂ ਸਾਲ 2024 ਤੱਕ ਇਸ ਨੂੰ ਸੰਭਾਲਣਾ ਪਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
