
ਚੰਡੀਗੜ੍ਹ, 02 ਦਸੰਬਰ (ਹਿ. ਸ.)। ਪਾਕਿਸਤਾਨ ਜਿੱਥੇ ਹਰ ਰੋਜ਼ ਡਰੋਨਾਂ ਦੀ ਮਦਦ ਨਾਲ ਭਾਰਤੀ ਸਰਹੱਦ ਵਿੱਚ ਨਸ਼ੀਲੇ ਪਦਾਰਥ ਸੁੱਟ ਰਿਹਾ ਹੈ, ਉੱਥੇ ਹੀ ਬੀਤੀ ਰਾਤ ਪਾਕਿਸਤਾਨ ਨੇ ਡਰੋਨ ਦੀ ਮਦਦ ਨਾਲ ਭਾਰਤੀ ਸਰਹੱਦ ਵਿੱਚ ਹਥਿਆਰ ਵੀ ਸੁੱਟੇ ਹਨ। ਬੀਐੱਸਐੱਫ ਨੇ ਹਥਿਆਰ ਅਤੇ ਡਰੋਨ ਬਰਾਮਦ ਕਰਕੇ ਪਾਕਿਸਤਾਨੀ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ਵਿੱਚ ਟਾਰਗੇਟ ਕਿਲਿੰਗ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ।
ਬੀਐੱਸਐੱਫ ਅਨੁਸਾਰ ਇਹ ਬਰਾਮਦਗੀ ਤਰਨਤਾਰਨ ਅਧੀਨ ਪੈਂਦੇ ਪਿੰਡ ਖਾਲੜਾ ਤੋਂ ਕੀਤੀ ਗਈ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਰਾਤ ਵੇਲੇ ਡਰੋਨ ਗਤੀਵਿਧੀ ਦੇਖੀ। ਜਿਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਸੈਨਿਕਾਂ ਨੇ ਪਹਿਲਾਂ ਖੇਤਰ ਵਿੱਚ ਇੱਕ ਛੋਟਾ ਕਵਾਡਕਾਪਟਰ ਡੀਜੇਆਈ ਮਾਵਿਕ 3 ਡਰੋਨ ਬਰਾਮਦ ਕੀਤਾ। ਇਸ ਤੋਂ ਬਾਅਦ ਵੀ ਜਵਾਨਾਂ ਨੇ ਆਪਣੀ ਤਲਾਸ਼ੀ ਮੁਹਿੰਮ ਜਾਰੀ ਰੱਖੀ। ਤਲਾਸ਼ੀ ਦੌਰਾਨ ਜਵਾਨਾਂ ਨੂੰ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ। ਜਦੋਂ ਇਸ ਪੈਕੇਟ ਨੂੰ ਖੋਲ੍ਹ ਕੇ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਦੋ ਪਿਸਤੌਲ ਬਰਾਮਦ ਹੋਏ। ਮਾਹਿਰਾਂ ਨੇ ਮੁੱਢਲੀ ਜਾਂਚ ਦੇ ਆਧਾਰ ‘ਤੇ ਦੱਸਿਆ ਹੈ ਕਿ ਇਸ ਪਿਸਤੌਲ ਦੀ ਵਰਤੋਂ ਅਕਸਰ ਟਾਰਗੇਟ ਕਿਲਿੰਗ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਹੈ। ਬੀਐੱਸਐੱਫ ਨੇ ਬਰਾਮਦ ਕੀਤੇ ਹਥਿਆਰ ਅਤੇ ਡਰੋਨ ਨੂੰ ਜਾਂਚ ਲਈ ਐੱਫਐੱਸਐੱਲ ਨੂੰ ਸੌਂਪ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
