ਮੁੰਬਈ, 06 ਅਕਤੂਬਰ (ਹਿ. ਸ.)। ਪੁਲਿਸ ਨੇ ਨਾਸਿਕ ਜ਼ਿਲੇ ਦੇ ਸ਼ਿੰਦੇ ਪਲਾਸੇ ਇਲਾਕੇ ‘ਚ ਇਕ ਕੰਪਨੀ ‘ਤੇ ਛਾਪਾ ਮਾਰ ਕੇ 132 ਕਿਲੋ ਡਰੱਗਜ਼ ਬਰਾਮਦ ਕੀਤਾ ਹੈ। ਇੱਥੋਂ ਫੜੇ ਗਏ ਡਰੱਗਜ਼ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਕੰਪਨੀ ਦੇ ਮਾਲਕ ਭੂਸ਼ਣ ਪਾਟਿਲ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ ਮੁੰਬਈ ਦੇ ਸਾਕੀਨਾਕਾ ਪੁਲੀਸ ਸਟੇਸ਼ਨ ਦੀ ਟੀਮ ਨੇ ਤਿੰਨ ਦਿਨ ਪਹਿਲਾਂ ਇੱਕ ਡਰੱਗ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਕਰਨ ‘ਤੇ ਨਾਸਿਕ ਦੀ ਡਰੱਗਜ਼ ਬਣਾਉਣ ਵਾਲੀ ਕੰਪਨੀ ਸ਼੍ਰੀ ਗਣੇਸ਼ਾਯ ਇੰਡਸਟਰੀਜ਼ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਅੱਜ ਸਾਕੀਨਾਕਾ ਥਾਣੇ ਦੀ ਟੀਮ ਨੇ ਨਾਸਿਕ ਪੁਲਿਸ ਨਾਲ ਮਿਲ ਕੇ ਸ਼ਿੰਦੇ ਪਲਾਸ ਇਲਾਕੇ ਵਿੱਚ ਸਥਿਤ ਉਕਤ ਕੰਪਨੀ ’ਤੇ ਛਾਪਾ ਮਾਰਿਆ ਸੀ।
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਪੁਲਿਸ ਨੇ ਪੁਣੇ ਦੇ ਸਾਸੂਨ ਹਸਪਤਾਲ ਦੇ ਗੇਟ ’ਤੇ ਵੱਡੀ ਮਾਤਰਾ ਵਿੱਚ ਡਰੱਗਜ਼ ਜ਼ਬਤ ਕੀਤੇ ਸਨ। ਇਸ ਮਾਮਲੇ ‘ਚ ਡਰੱਗ ਰੈਕੇਟ ‘ਚ ਹਸਪਤਾਲ ਦੇ ਕਈ ਕਰਮਚਾਰੀਆਂ ਅਤੇ ਸਥਾਨਕ ਪੁਲਿਸ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਇਸ ਲਈ ਪੁਣੇ ਦੇ ਪੁਲਿਸ ਕਮਿਸ਼ਨਰ ਨੇ ਦਸ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਕਰੀਬ 360 ਪੁਲਿਸ ਮੁਲਾਜ਼ਮਾਂ ਦੀ ਜਾਂਚ ਚੱਲ ਰਹੀ ਹੈ।
ਇਸੇ ਮਾਮਲੇ ਵਿੱਚ ਲਲਿਤ ਪਾਟਿਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਹ ਫਰਾਰ ਹੋ ਗਿਆ ਸੀ। ਨਾਸਿਕ ਜ਼ਿਲੇ ‘ਚ ਅੱਜ ਜਿਸ ਕੰਪਨੀ ‘ਤੇ ਛਾਪਾ ਮਾਰਿਆ ਗਿਆ, ਉਹ ਫਰਾਰ ਲਲਿਤ ਪਾਟਿਲ ਦੇ ਭਰਾ ਭੂਸ਼ਣ ਪਾਟਿਲ ਦੀ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
