ਮੁੰਬਈ, 20 ਜਨਵਰੀ (ਹਿ.ਸ.)। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਟੀਮ ਵੱਲੋਂ ਮੁੰਬਈ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਵਿਦੇਸ਼ੀ ਨਾਗਰਿਕ ਦੇ ਪੇਟ ਵਿੱਚੋਂ ਕੋਕੀਨ ਨਾਲ ਭਰੇ 57 ਕੈਪਸੂਲ ਡਾਕਟਰਾਂ ਨੇ ਆਪਰੇਸ਼ਨ ਕਰਕੇ ਕੱਢੇ ਗਏ ਹਨ। ਇਸ ਕੋਕੀਨ ਦੀ ਕੀਮਤ 6 ਕਰੋੜ ਰੁਪਏ ਦੱਸੀ ਗਈ ਹੈ। ਡੀਆਰਆਈ ਦੀ ਟੀਮ ਨੇ ਕੋਕੀਨ ਨਾਲ ਭਰੇ ਕੈਪਸੂਲ ਜ਼ਬਤ ਕਰ ਲਏ ਹਨ ਅਤੇ ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।
ਡੀਆਰਆਈ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਵੈਨੇਜ਼ੁਏਲਾ ਦੇ ਇੱਕ ਨਾਗਰਿਕ ਵੱਲੋਂ ਨਸ਼ੀਲੇ ਪਦਾਰਥ ਲਿਆਉਣ ਦੀ ਗੁਪਤ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ‘ਤੇ ਉਸਨੂੰ 16 ਜਨਵਰੀ ਨੂੰ ਮੁੰਬਈ ਏਅਰਪੋਰਟ ਤੋਂ ਹਿਰਾਸਤ ‘ਚ ਲਿਆ ਗਿਆ ਸੀ। ਅਧਿਕਾਰੀਆਂ ਨੂੰ ਸ਼ੱਕ ਸੀ ਕਿ ਉਸ ਦੇ ਪੇਟ ‘ਚ ਕੋਕੀਨ ਹੈ ਪਰ ਮੁਲਜ਼ਮ ਵਾਰ-ਵਾਰ ਖੁਦ ਨੂੰ ਬੇਕਸੂਰ ਦੱਸ ਰਿਹਾ ਸੀ। ਇਸ ਲਈ ਅਦਾਲਤ ਤੋਂ ਮੁਲਜ਼ਮ ਦੀ ਮੈਡੀਕਲ ਜਾਂਚ ਕਰਵਾਉਣ ਦੀ ਇਜਾਜ਼ਤ ਮੰਗੀ ਗਈ ਸੀ।
ਅਦਾਲਤ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਜੇ.ਜੇ. ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸਦਾ ਐਕਸਰੇ ਅਤੇ ਸੋਨੋਗ੍ਰਾਫੀ ਕਰਵਾਈ ਗਈ। ਉਸ ਸਮੇਂ ਪਤਾ ਲੱਗਾ ਕਿ ਉਸਦੇ ਪੇਟ ਵਿੱਚ ਸ਼ੱਕੀ ਕੈਪਸੂਲ ਹੈ। ਇਸ ਤੋਂ ਬਾਅਦ ਡਾਕਟਰਾਂ ਨੇ ਉਸਦੇ ਪੇਟ ‘ਚੋਂ ਇਹ 57 ਕੈਪਸੂਲ ਕੱਢ ਦਿੱਤੇ। ਇਨ੍ਹਾਂ ਕੈਪਸੂਲ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਨ੍ਹਾਂ ਵਿਚ ਕੋਕੀਨ ਸੀ। ਇਸ ਤੋਂ ਬਾਅਦ ਡੀਆਰਆਈ ਨੇ ਕੋਕੀਨ ਜ਼ਬਤ ਕੀਤੀ। ਜ਼ਬਤ ਕੀਤੀ ਗਈ ਕੋਕੀਨ ਦਾ ਵਜ਼ਨ 628 ਗ੍ਰਾਮ ਹੈ ਅਤੇ ਇਸ ਦੀ ਬਾਜ਼ਾਰੀ ਕੀਮਤ ਕਰੀਬ 6 ਕਰੋੜ 28 ਲੱਖ ਰੁਪਏ ਹੈ। ਜਾਂਚ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਕੋਕੀਨ ਅਤੇ ਫਲਾਈਟ ਦੀ ਟਿਕਟ ਦਿੱਤੀ ਗਈ ਸੀ। ਮੁਲਜ਼ਮ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਇਹ ਕੰਮ ਕਰਨ ਲਈ ਰਾਜ਼ੀ ਹੋ ਗਿਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
