
ਇੰਦੌਰ, 27 ਸਤੰਬਰ (ਹਿ. ਸ.)। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਇੰਦੌਰ ਦੇ ਬ੍ਰਿਲਿਅੰਟ ਕਨਵੈਨਸ਼ਨਲ ਸੈਂਟਰ ਵਿੱਚ ਇੰਡੀਆ ਸਮਾਰਟ ਸਿਟੀਜ਼ ਅਵਾਰਡ ਪ੍ਰਤੀਯੋਗਿਤਾ-2022 ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇੰਦੌਰ ਨੇ ਦੇਸ਼ ਦਾ ਨੰਬਰ ਇਕ ਸਮਾਰਟ ਸਿਟੀ ਹੋਣ ਦੇ ਨਾਲ-ਨਾਲ ਸ਼ਹਿਰੀ ਵਾਤਾਵਰਣ, ਪਾਣੀ, ਸੈਨੀਟੇਸ਼ਨ ਸਮੇਤ ਹੋਰ ਸ਼੍ਰੇਣੀਆਂ ਵਿਚ ਪਹਿਲਾ ਸਥਾਨ ਅਤੇ ਤਿੰਨ ਹੋਰ ਸ਼੍ਰੇਣੀਆਂ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਮੱਧ ਪ੍ਰਦੇਸ਼ ਨੂੰ ਨੰਬਰ 1 ਰਾਜ ਦਾ ਪੁਰਸਕਾਰ ਵੀ ਦਿੱਤਾ ਗਿਆ ਹੈ। ਇਸ ਮੌਕੇ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇੰਦੌਰ ਨੇ ਭਾਰਤ ਦੇ ਸਭ ਤੋਂ ਸਾਫ਼ ਸ਼ਹਿਰ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੈ ਅਤੇ ਹੁਣ ਸਮਾਰਟ ਸ਼ਹਿਰਾਂ ਦੀ ਸੂਚੀ ਵਿਚ ਵੀ ਅੱਵਲ ਹੈ।
ਰਾਸ਼ਟਰਪਤੀ ਮੁਰਮੂ ਨੇ ਪ੍ਰੋਗਰਾਮ ਵਿੱਚ ਇੰਦੌਰ ਦੇ ਮੇਅਰ ਪੁਸ਼ਿਆਮਿਤਰਾ ਭਾਰਗਵ, ਨਿਗਮ ਕਮਿਸ਼ਨਰ ਹਰਸ਼ਿਕਾ ਸਿੰਘ ਅਤੇ ਸਮਾਰਟ ਸਿਟੀ ਦੇ ਸੀਈਓ ਦਿਵਯੰਕ ਸਿੰਘ ਨੂੰ ਸਨਮਾਨਿਤ ਕੀਤਾ। ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਇੰਦੌਰ ਦੇ ਸਭ ਤੋਂ ਵਧੀਆ ਕੰਮ ਲਈ ਪ੍ਰਸ਼ੰਸਾ ਕੀਤੀ ਅਤੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ’ਚ ਮੰਚ ’ਤੇ ਰਾਜਪਾਲ ਮੰਗੂਭਾਈ ਪਟੇਲ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਸਨ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਦੀ ਪਰੰਪਰਾ ਅਤੀਤਿ ਦੇਵੋ ਭਵ ਹੈ। ਇੰਦੌਰ ਨੂੰ ਹਰ ਪੜਾਅ ਵਿੱਚ ਅੱਗੇ ਰਹਿਣ ਦੀ ਆਦਤ ਪੈ ਗਈ ਹੈ। ਇੰਦੌਰ ਸਮਾਰਟ ਸਿਟੀ ਦਾ ਸਿਖਰ ਹੈ। ਮਾਲਵਾ ਦਾ ਚੰਦਨ ਅਤੇ ਅਭਿਨੰਦਨ ਹੈ। ਜੋ ਇੰਦੌਰ ਆਉਂਦਾ ਹੈ, ਇੰਦੌਰ ਦਾ ਹੋ ਕੇ ਰਹਿ ਜਾਂਦਾ ਹੈ। ਇੰਦੌਰ ਵਿੱਚ ਕੋਈ ਪੂਰਬ, ਪੱਛਮ, ਉੱਤਰ ਅਤੇ ਦੱਖਣ ਨਹੀਂ ਹੈ, ਜੋ ਇੱਥੇ ਆਉਂਦਾ ਹੈ ਉਹ ਇੰਦੌਰ ਦਾ ਬਣ ਜਾਂਦਾ ਹੈ। ਇੰਦੌਰ ਸਾਰਿਆਂ ਨੂੰ ਦਿਲੋਂ ਸਵੀਕਾਰ ਕਰਦਾ ਹੈ। ਸਵੱਛਤਾ ਹੋਵੇ ਜਾਂ ਸਮਾਰਟ ਸਿਟੀ, ਅਸੀਂ ਇਸ ਨੂੰ ਲੋਕ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ। ਮੱਧ ਪ੍ਰਦੇਸ਼ ਨੇ ਆਪਣੇ ਲੋਕਾਂ ਦੀ ਮਦਦ ਨਾਲ ਇਹ ਟੀਚੇ ਹਾਸਲ ਕੀਤੇ ਹਨ। ਚੰਗੇ ਕੰਮਾਂ ਵਿੱਚ ਮੁਕਾਬਲਾ ਹੋਣਾ ਚਾਹੀਦਾ ਹੈ, ਇਸ ਨਾਲ ਪੂਰਾ ਦੇਸ਼ ਤਰੱਕੀ ਕਰੇਗਾ।
ਸਮਾਗਮ ਵਿੱਚ ਬੋਲਦਿਆਂ ਰਾਜਪਾਲ ਮੰਗੂਭਾਈ ਪਟੇਲ ਨੇ ਕਿਹਾ ਕਿ ਸੂਬੇ ਵਿੱਚ ਸਮਾਰਟ ਸਿਟੀ ਮਿਸ਼ਨ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਉਪਰਾਲਾ ਹੈ। ਸਾਡਾ ਦੇਸ਼ ਹਰ ਦਿਸ਼ਾ ਵਿੱਚ ਇੱਕ ਅਦੁੱਤੀ ਅਤੇ ਸ਼ਾਨਦਾਰ ਭਾਰਤ ਬਣਨ ਵੱਲ ਵਧ ਰਿਹਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੰਦੌਰ ਦੀ ਭਰਪੂਰ ਸ਼ਲਾਘਾ ਕੀਤੀ। ਇੰਦੌਰ ਸ਼ਹਿਰ ਇੱਕ ਮਾਡਲ ਬਣ ਗਿਆ ਹੈ। ਮੱਧ ਪ੍ਰਦੇਸ਼ ਨੇ ਇੱਕ ਮਾਪਦੰਡ ਤੈਅ ਕੀਤਾ ਹੈ। ਸਮਾਰਟ ਸਿਟੀ ਦੇ ਏਕੀਕ੍ਰਿਤ ਕਮਾਂਡ ਸੈਂਟਰ ਮਹਾਂਮਾਰੀ ਦੇ ਦੌਰਾਨ ਵਾਰ ਰੂਮ ਬਣ ਗਏ।
ਇੰਦੌਰ ਨੂੰ ਮਿਲਿਆ ਨੈਸ਼ਨਲ ਸਮਾਰਟ ਸਿਟੀ ਐਵਾਰਡ
ਨੈਸ਼ਨਲ ਸਮਾਰਟ ਸਿਟੀ ਐਵਾਰਡ ਵਿੱਚ ਇੰਦੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸੂਰਤ ਨੂੰ ਦੂਜਾ ਅਤੇ ਆਗਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਰਵੋਤਮ ਰਾਜ ਪੁਰਸਕਾਰ ਵਿੱਚ ਮੱਧ ਪ੍ਰਦੇਸ਼ ਨੂੰ ਪਹਿਲਾ ਸਥਾਨ ਮਿਲਿਆ। ਬੈਸਟ ਸਟੇਟ ਐਵਾਰਡ ਵਿੱਚ ਤਾਮਿਲਨਾਡੂ ਨੂੰ ਦੂਜਾ, ਜਦਕਿ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੂੰ ਤੀਜਾ ਸਥਾਨ ਮਿਲਿਆ। ਰਾਸ਼ਟਰਪਤੀ ਨੇ ਇੰਡੀਆ ਸਮਾਰਟ ਸਿਟੀਜ਼ ਅਵਾਰਡ ਮੁਕਾਬਲਾ-2022 ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ 61 ਜੇਤੂਆਂ ਨੂੰ ਸਨਮਾਨਿਤ ਕੀਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
