ਨਵੀਂ ਦਿੱਲੀ, 02 ਅਕਤੂਬਰ (ਹਿ. ਸ.)। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੂੰ ਲੋੜੀਂਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਨਵਾਜ਼ ਉਰਫ਼ ਸ਼ਫੀ ਉਜ਼ਾਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ.ਆਈ.ਨੇ. ਨੇ ਪੇਸ਼ੇ ਤੋਂ ਇੰਜੀਨੀਅਰ ਸ਼ਾਹਨਵਾਜ਼ ‘ਤੇ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਪੁਣੇ ਮਾਮਲੇ ‘ਚ ਫਰਾਰ ਸ਼ਾਹਨਵਾਜ਼ ਦਿੱਲੀ ਦਾ ਰਹਿਣ ਵਾਲਾ ਹੈ। ਉਹ ਪੁਣੇ ਪੁਲਿਸ ਦੀ ਹਿਰਾਸਤ ਵਿਚੋਂ ਫਰਾਰ ਹੋ ਕੇ ਦਿੱਲੀ ਵਿਚ ਰਹਿ ਰਿਹਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਸਪੈਸ਼ਲ ਸੈੱਲ ਉਸ ਤੋਂ ਪੁੱਛਗਿੱਛ ਕਰ ਰਿਹਾ ਹੈ।
ਪੁਲਸ ਮੁਤਾਬਕ ਕੁੱਝ ਦਿਨ ਪਹਿਲਾਂ ਦਿੱਲੀ ‘ਚ ਆਈਐੱਸਆਈਐੱਸ ਦੇ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਉਦੋਂ ਤੋਂ ਹੀ ਸੰਭਾਵਿਤ ਇਲਾਕਿਆਂ ‘ਚ ਚੌਕਸੀ ਰੱਖੀ ਜਾ ਰਹੀ ਸੀ। ਬੀਤੀ ਦੇਰ ਰਾਤ ਅੱਤਵਾਦੀ ਸ਼ਾਹਨਵਾਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਸਪੈਸ਼ਲ ਸੈੱਲ ਨੇ ਤਿੰਨ-ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਹੁਣ ਤੱਕ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਆਈਐੱਸਆਈਐੱਸ ਨੂੰ ਇਸਲਾਮਿਕ ਸਟੇਟ ਆਫ ਇਰਾਕ ਐਂਡ ਦਿ ਲੇਵੈਂਟ ਜਾਂ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਅੱਤਵਾਦੀ ਸੰਗਠਨ 2013 ‘ਚ ਸਰਗਰਮ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
