ਨਵੀਂ ਦਿੱਲੀ, 17 ਨਵੰਬਰ (ਹਿ. ਸ.)। ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਮਹਾਨਗਰਾਂ ‘ਚ ਧੂੰਏਂ ਅਤੇ ਧੁੰਦ ਕਾਰਨ ਵਾਤਾਵਰਣ ‘ਚ ਪ੍ਰਦੂਸ਼ਕ ਤੱਤਾਂ ਦੀ ਚਾਦਰ ਲਗਾਤਾਰ ਸੰਘਣੀ ਹੁੰਦੀ ਜਾ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਦਿੱਲੀ-ਐੱਨਸੀਆਰ ਵਿੱਚ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਪੱਧਰ ਸ਼ੁੱਕਰਵਾਰ ਸਵੇਰੇ 500 ਦੇ ਅੰਕੜੇ ਨੂੰ ਪਾਰ ਕਰ ਗਿਆ। ਆਨੰਦ ਵਿਹਾਰ ਵਿੱਚ ਏਕਿਊਆਈ 447, ਆਰਕੇਪੁਰਮ ਵਿੱਚ 469, ਪੰਜਾਬੀ ਬਾਗ ਵਿੱਚ 484 ਅਤੇ ਆਈਟੀਓ ਵਿੱਚ 445 ਰਿਹਾ। ਇਸ ਦੌਰਾਨ ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਪ੍ਰਦੂਸ਼ਣ ਦੇ ਨਾਲ-ਨਾਲ ਅਗਲੇ ਕੁਝ ਦਿਨਾਂ ਵਿੱਚ ਦਿੱਲੀ-ਐੱਨਸੀਆਰ ਵਿੱਚ ਧੁੰਦ ਵੀ ਦਿਖਾਈ ਦੇਵੇਗੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ 24 ਘੰਟੇ ਪਹਿਲਾਂ ਵੀਰਵਾਰ ਨੂੰ ਮੁੰਡਕਾ, ਨਹਿਰੂ ਨਗਰ, ਪੰਜਾਬੀ ਬਾਗ, ਜਹਾਂਗੀਰਪੁਰੀ, ਵਜ਼ੀਰਪੁਰ ਅਤੇ ਦਵਾਰਕਾ ਸੈਕਟਰਾਂ ਵਿੱਚ ਏਕਿਊਆਈ 450 ਤੋਂ ਵੱਧ ਪਹੁੰਚ ਗਿਆ ਸੀ। ਇਸ ਕਾਰਨ ਇਨ੍ਹਾਂ ਛੇ ਥਾਵਾਂ ’ਤੇ ਹਵਾ ਦੀ ਗੁਣਵੱਤਾ ਖ਼ਤਰਨਾਕ ਸ਼੍ਰੇਣੀ ਵਿੱਚ ਰਹੀ। ਬੋਰਡ ਮੁਤਾਬਕ ਵੀਰਵਾਰ ਨੂੰ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ 419 ਰਿਹਾ। ਇਹ ਇੱਕ ਗੰਭੀਰ ਸ਼੍ਰੇਣੀ ਹੈ। ਇੱਕ ਦਿਨ ਪਹਿਲਾਂ ਇਹ 401 ਸੀ। ਫਰੀਦਾਬਾਦ ਵਿੱਚ ਇਹ 424, ਗਾਜ਼ੀਆਬਾਦ ਵਿੱਚ 376, ਗ੍ਰੇਟਰ ਨੋਇਡਾ ਵਿੱਚ 340, ਗੁਰੂਗ੍ਰਾਮ ਵਿੱਚ 363 ਅਤੇ ਨੋਇਡਾ ਵਿੱਚ 355 ਸੀ। ਬੋਰਡ ਮੁਤਾਬਕ ਹੁਣ ਤੱਕ ਨਵੰਬਰ ਦੇ 16 ਦਿਨਾਂ ਵਿੱਚ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਤਿੰਨ ਦਿਨ ਖ਼ਰਾਬ ਸ਼੍ਰੇਣੀ ਵਿੱਚ, ਪੰਜ ਦਿਨ ਬਹੁਤ ਖ਼ਰਾਬ, ਛੇ ਦਿਨ ਗੰਭੀਰ ਅਤੇ ਦੋ ਦਿਨ ਖ਼ਤਰਨਾਕ ਸ਼੍ਰੇਣੀ ਵਿੱਚ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
