ਨਵੀਂ ਦਿੱਲੀ, 30 ਨਵੰਬਰ (ਹਿ.ਸ.)। ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਆਖਰੀ ਪੜਾਅ ਲਈ ਅੱਜ ਤੇਲੰਗਾਨਾ ਰਾਜ ਵਿੱਚ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਲੋਕ ਅੱਜ 119 ਵਿਧਾਨ ਸਭਾ ਸੀਟਾਂ ਲਈ ਵੋਟ ਪਾਉਣਗੇ।
ਸੂਬੇ ਦੇ ਕੁੱਲ 3 ਕਰੋੜ 26 ਲੱਖ ਤੋਂ ਵੱਧ ਵੋਟਰ ਅੱਜ 2290 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੂਬੇ ਵਿੱਚ ਕੁੱਲ 35,326 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬੀਤੀ ਰਾਤ ਚੋਣ ਕਮਿਸ਼ਨ ਨੇ ਚੋਣਾਂ ਵਿੱਚ ਆਪਣੀ ਡਿਊਟੀ ਸਹੀ ਢੰਗ ਨਾਲ ਨਾ ਨਿਭਾਉਣ ਵਾਲੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਹਟਾ ਕੇ ਮੁਅੱਤਲ ਕਰ ਦਿੱਤਾ ਹੈ।
ਤੇਲੰਗਾਨਾ ’ਚ ਲੋਕ ਸ਼ਾਮ 5 ਵਜੇ ਤੱਕ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਕੇ ਵੋਟ ਪਾ ਸਕਣਗੇ। 13 ਨਕਸਲ ਪ੍ਰਭਾਵਿਤ ਪੋਲਿੰਗ ਸਟੇਸ਼ਨਾਂ ‘ਤੇ ਸ਼ਾਮ 4 ਵਜੇ ਤੱਕ ਹੀ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਸੂਬੇ ਵਿੱਚ ਕਾਂਗਰਸ, ਭਾਜਪਾ ਅਤੇ ਮੌਜੂਦਾ ਸੱਤਾਧਾਰੀ ਬੀਆਰਐਸ ਦਰਮਿਆਨ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
