ਚੇਨਈ, 19 ਦਸੰਬਰ (ਹਿ.ਸ.)। ਤਾਮਿਲਨਾਡੂ ਦੇ ਚਾਰ ਜ਼ਿਲ੍ਹਿਆਂ ਵਿੱਚ ਹੜ੍ਹ ਕਾਰਨ ਹਾਲਾਤ ਵਿਗੜ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਪਏ ਭਾਰੀ ਮੀਂਹ ਨੇ ਦੱਖਣੀ ਜ਼ਿਲ੍ਹਿਆਂ ਥੂਥੁਕੁਡੀ, ਤਿਰੂਨੇਲਵੇਲੀ, ਤੇਨਕਾਸੀ ਅਤੇ ਕੰਨਿਆਕੁਮਾਰੀ ਵਿੱਚ ਵਿਆਪਕ ਤਬਾਹੀ ਮਚਾਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਲੱਖਾਂ ਲੋਕ ਘਰਾਂ ਵਿੱਚ ਫਸੇ ਹੋਏ ਹਨ। ਸੁਰੱਖਿਆ ਬਲਾਂ ਦੀ ਮਦਦ ਨਾਲ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਗਈ ਹੈ। ਇਹ ਚਾਰ ਜ਼ਿਲ੍ਹੇ ਬਾਕੀ ਤਾਮਿਲਨਾਡੂ ਨਾਲੋਂ ਕੱਟੇ ਹੋਏ ਹਨ।
ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਸੋਮਵਾਰ ਰਾਤ ਨਵੀਂ ਦਿੱਲੀ ਪਹੁੰਚ ਗਏ। ਰਾਜਪਾਲ ਆਰ. ਐੱਨ. ਰਵੀ ਨੇ ਮੰਗਲਵਾਰ ਨੂੰ ਰਾਜ ਭਵਨ ਵਿੱਚ ਰੱਖਿਆ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰ ਤੱਕ 1,039 ਬੱਚਿਆਂ ਸਮੇਤ 7,434 ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ। ਕਈ ਥਾਵਾਂ ‘ਤੇ ਬਿਜਲੀ ਸਪਲਾਈ ਬੰਦ ਕਰਨੀ ਪਈ ਹੈ। ਮੋਬਾਈਲ ਟਾਵਰ ਡਿੱਗਣ ਕਾਰਨ ਕਈ ਥਾਵਾਂ ‘ਤੇ ਨੈੱਟਵਰਕ ਵਿਘਨ ਪਿਆ ਹੈ।
ਸੂਬਾ ਸਰਕਾਰ ਨੇ ਸੋਮਵਾਰ ਦੇਰ ਰਾਤ ਤੱਕ ਮ੍ਰਿਤਕਾਂ ਦੇ ਅੰਕੜੇ ਜਾਰੀ ਨਹੀਂ ਕੀਤੇ। ਹਾਲਾਂਕਿ ਚਾਰ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਸੈਂਕੜੇ ਵਾਹਨ ਰੁੜ੍ਹ ਗਏ ਹਨ। ਥਮੀਰਾਬਰਨ ਨਦੀ ਵਿਚ ਉੱਫਾਨ ਹੈ। ਭਾਰਤੀ ਜਲ ਸੈਨਾ ਵੀ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ। ਤਾਮਿਲਨਾਡੂ ਸਰਕਾਰ ਨੇ ਫੌਜ ਅਤੇ ਹਵਾਈ ਫੌਜ ਦੀ ਮਦਦ ਵੀ ਮੰਗੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
