ਚੇਨੱਈ, 18 ਦਸੰਬਰ (ਹਿ. ਸ.)। ਤਾਮਿਲਨਾਡੂ ਦੇ ਚਾਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਰਾਜ ਸਰਕਾਰ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਿਰੂਨੇਲਵੇਲੀ, ਥੂਥੁਕੁਡੀ, ਕੰਨਿਆਕੁਮਾਰੀ ਅਤੇ ਟੇਨਕਾਸੀ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ, ਕਾਲਜਾਂ, ਨਿੱਜੀ ਸੰਸਥਾਵਾਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿੱਚ ਅੱਜ (ਸੋਮਵਾਰ) ਛੁੱਟੀ ਦਾ ਐਲਾਨ ਕੀਤਾ ਹੈ।
ਥੂਥੁਕੁਡੀ ਜ਼ਿਲ੍ਹੇ ਵਿੱਚ ਇੰਨੀ ਭਾਰੀ ਬਾਰਿਸ਼ ਹੋਈ ਹੈ ਕਿ ਕੱਟਾਬੋਮਨ ਕਸਬੇ ਦਾ ਜ਼ਿਆਦਾਤਰ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਥੂਥੁਕੁਡੀ ਰੇਲਵੇ ਸਟੇਸ਼ਨ ਵੀ ਪਾਣੀ ਭਰ ਗਿਆ ਹੈ। ਵਿਰੁਧਨਗਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਜਾਣ ਕਾਰਨ ਜ਼ਿਲ੍ਹਾ ਕਲੈਕਟਰ ਨੇ ਅੱਜ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਇਸ ਦੌਰਾਨ, ਵੇਗਈ ਡੈਮ ਦੇ ਹੇਠਲੇ ਪਾਸੇ ਵਾਲੇ ਪੰਜ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਥੇਨੀ, ਡਿੰਡੀਗੁਲ, ਮਦੁਰਾਈ, ਸ਼ਿਵਗੰਗ ਅਤੇ ਰਾਮਨਾਥਪੁਰਮ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਵੇਗਈ ਡੈਮ ਦੇ ਪਾਣੀ ਦਾ ਪੱਧਰ ਅੱਜ ਸਵੇਰੇ 8 ਵਜੇ 66.01 ਫੁੱਟ (ਵੱਧ ਤੋਂ ਵੱਧ ਜਲ ਭੰਡਾਰ ਦਾ ਪੱਧਰ 71 ਫੁੱਟ) ਤੱਕ ਪਹੁੰਚ ਗਿਆ ਹੈ। ਐਤਵਾਰ ਨੂੰ ਤਾਮਿਲਨਾਡੂ ਦੇ ਦੱਖਣੀ ਜ਼ਿਲਿਆਂ ‘ਚ ਭਾਰੀ ਮੀਂਹ ਪਿਆ ਹੈ। ਕੰਨਿਆਕੁਮਾਰੀ ਸਮੇਤ ਕਈ ਜ਼ਿਲ੍ਹਿਆਂ ਦੇ ਕਈ ਇਲਾਕੇ ਡੁੱਬ ਗਏ ਹਨ। ਇਸ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਤੀਰੁਨੇਲਵੇਲੀ ਵਿੱਚ ਥਮੀਰਾਬਰਾਨੀ ਨਦੀ ਉਛਾਲ ’ਤੇ ਹੈ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਅਧਿਕਾਰੀਆਂ ਨੂੰ ਦੱਖਣੀ ਤਾਮਿਲਨਾਡੂ ਵਿੱਚ ਰਿਵਰ ਇੰਟਰਲਿੰਕਿੰਗ ਪ੍ਰੋਜੈਕਟ ਤਹਿਤ ਕੰਨੜਿਯਨ ਚੈਨਲ ਵਿੱਚ ਵਾਧੂ ਪਾਣੀ ਛੱਡਣ ਦੇ ਨਿਰਦੇਸ਼ ਦਿੱਤੇ ਹਨ। ਸਟਾਲਿਨ ਨੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਅਤੇ ਸੰਚਾਲਨ ਲਈ ਭੇਜਿਆ ਹੈ। ਖੇਤਰੀ ਮੌਸਮ ਵਿਗਿਆਨ ਕੇਂਦਰ ਨੇ ਬੁਲੇਟਿਨ ‘ਚ ਕਿਹਾ ਕਿ ਸ਼ਨੀਵਾਰ ਤੋਂ ਦੱਖਣੀ ਤਾਮਿਲਨਾਡੂ ‘ਚ ਜ਼ਿਆਦਾਤਰ ਥਾਵਾਂ ‘ਤੇ ਬਾਰਿਸ਼ ਹੋ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
