ਮੁੰਬਈ, 14 ਦਸੰਬਰ (ਹਿ.ਸ.)। ਅੱਤਵਾਦ ਰੋਕੂ ਦਸਤੇ (ਏ.ਟੀ.ਐੱਸ.) ਨੇ ਪਾਕਿਸਤਾਨੀ ਜਾਸੂਸ ਨੂੰ ਫੌਜ ਸੰਬੰਧੀ ਜਾਣਕਾਰੀ ਦੇਣ ਦੇ ਦੋਸ਼ ‘ਚ ਗੌਰਵ ਪਾਟਿਲ (23 ਸਾਲ) ਨੂੰ ਠਾਣੇ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਹੈ। ਏਟੀਐੱਸ ਦੀ ਟੀਮ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਅਦਾਲਤ ਨੇ ਗੌਰਵ ਪਾਟਿਲ ਨੂੰ 18 ਦਸੰਬਰ ਤੱਕ ਏਟੀਐੱਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਏਟੀਐੱਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਗੌਰਵ ਪਾਟਿਲ ਨੂੰ ਛੇ ਮਹੀਨੇ ਪਹਿਲਾਂ ਮੁੰਬਈ ਦੀ ਮਜ਼ਗਾਓਂ ਪੋਸਟ ‘ਤੇ ਅਪ੍ਰੈਂਟਿਸ (ਟਰੇਨੀ) ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ ਗੌਰਵ ਨੇ ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਤਿੰਨ ਲੋਕਾਂ ਨਾਲ ਸੰਪਰਕ ਕੀਤਾ ਸੀ ਅਤੇ ਰੱਖਿਆ ਨਾਲ ਜੁੜੀਆਂ ਕਈ ਜਾਣਕਾਰੀਆਂ ਪਾਕਿਸਤਾਨੀ ਜਾਸੂਸਾਂ ਨੂੰ ਦਿੱਤੀਆਂ ਸਨ। ਇੰਨਾ ਹੀ ਨਹੀਂ, ਗੌਰਵ ਨੂੰ ਪੱਛਮੀ ਬੰਗਾਲ ਸਥਿਤ ਇਕ ਵਿਅਕਤੀ ਨੇ ਜਹਾਜ਼ ਦੇ ਨਾਮ, ਤਸਵੀਰ ਅਤੇ ਸਥਾਨ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਭੁਗਤਾਨ ਕੀਤਾ ਸੀ। ਬਾਅਦ ਵਿੱਚ ਇਹ ਜਾਣਕਾਰੀ ਇੱਕ ਪਾਕਿਸਤਾਨੀ ਏਜੰਸੀ ਨੂੰ ਭੇਜੀ ਗਈ ਅਤੇ ਪਾਟਿਲ ਨੂੰ ਪਿਛਲੇ ਛੇ ਮਹੀਨਿਆਂ ਤੋਂ ਇਨ੍ਹਾਂ ਲੈਣ-ਦੇਣ ਦੇ ਬਦਲੇ ਪੈਸੇ ਮਿਲ ਰਹੇ ਸੀ।
ਉਨ੍ਹਾਂ ਨੇ ਦੱਸਿਆ ਕਿ ਗੌਰਵ ਪਾਟਿਲ ‘ਤੇ ਸ਼ੱਕ ਹੋਣ ਤੋਂ ਬਾਅਦ ਏਟੀਐੱਸ ਦੀ ਟੀਮ ਉਸ ‘ਤੇ ਨਜ਼ਰ ਰੱਖ ਰਹੀ ਸੀ। ਪਾਕਿਸਤਾਨੀ ਜਾਸੂਸਾਂ ਤੋਂ ਗੌਰਵ ਨੂੰ ਪੈਸੇ ਮਿਲਣ ਦੇ ਸਬੂਤ ਮਿਲਣ ਤੋਂ ਬਾਅਦ ਏਟੀਐੱਸ ਟੀਮ ਨੇ ਬੁੱਧਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਗੌਰਵ ਨੂੰ 18 ਦਸੰਬਰ ਤੱਕ ਏਟੀਐੱਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਏਟੀਐੱਸ ਦੀ ਟੀਮ ਗੌਰਵ ਦੇ ਹਨੀਟ੍ਰੈਪ ਦੀ ਵੀ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
