ਬਿਲਾਸਪੁਰ/ਨਵੀਂ ਦਿੱਲੀ, 30 ਸਤੰਬਰ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ‘ਚ ਭਾਜਪਾ ਦੀ ਪਰਿਵਰਤਨ ਮਹਾਸੰਕਲਪ ਰੈਲੀ ‘ਚ ਸੂਬੇ ਦੀ ਕਾਂਗਰਸ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਭ੍ਰਿਸ਼ਟਾਚਾਰ ਤੋਂ ਪ੍ਰੇਸ਼ਾਨ ਹਨ। ਹਰ ਸਕੀਮ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਛੱਤੀਸਗੜ੍ਹ ਦੇ ਲੋਕ ਕਾਂਗਰਸ ਤੋਂ ਨਾਰਾਜ਼ ਹਨ। ਰੁਜ਼ਗਾਰ ਦੇ ਨਾਮ ‘ਤੇ ਘੁਟਾਲੇ ਹੀ ਘੁਟਾਲੇ ਹਨ। ਇਸ ਲਈ ਜਨਤਾ ਛੱਤੀਸਗੜ੍ਹ ਵਿੱਚ ਕਾਂਗਰਸ ਸਰਕਾਰ ਨੂੰ ਹਟਾ ਕੇ ਭਾਜਪਾ ਨੂੰ ਲਿਆਉਣ ਲਈ ਤਿਆਰ ਹੈ। ਜਨਤਾ ਨੇ ਸੂਬੇ ਵਿੱਚ ਬਦਲਾਅ ਲਿਆਉਣ ਦਾ ਫੈਸਲਾ ਕਰ ਲਿਆ ਹੈ।
ਪ੍ਰਧਾਨ ਮੰਤਰੀ ਨੇ ਭਾਜਪਾ ਨੂੰ ਛੱਤੀਸਗੜ੍ਹ ਦੇ ਵਿਕਾਸ ਨੂੰ ਸਮਰਪਿਤ ਦੱਸਦਿਆਂ ਕਿਹਾ ਕਿ ਭਾਜਪਾ ਸਰਕਾਰ ਸੂਬੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਸਮਰਪਿਤ ਰਹੀ ਹੈ। ਅੱਜ ਮੈਂ ਤੁਹਾਨੂੰ ਗਾਰੰਟੀ ਦੇਣ ਆਇਆ ਹਾਂ ਕਿ ਮੋਦੀ ਤੁਹਾਡੇ ਹਰ ਸੁਪਨੇ ਨੂੰ ਸਾਕਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਤੁਹਾਡਾ ਸੁਪਨਾ ਮੋਦੀ ਦਾ ਸੰਕਲਪ ਹੈ। ਰੈਲੀ ‘ਚ ਇਕੱਠੀ ਹੋਈ ਭੀੜ ਦੇ ਉਤਸ਼ਾਹ ਨੂੰ ਬਦਲਾਅ ਦੀ ਨਿਸ਼ਾਨੀ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਛੱਤੀਸਗੜ੍ਹ ‘ਚ ਪਰਿਵਰਤਨ ਤੈਅ ਹੋ ਗਿਆ ਹੈ। ਉਨ੍ਹਾਂ ਕਿਹਾ, ਤੁਸੀਂ (ਛੱਤੀਸਗੜ੍ਹ ਦੇ ਲੋਕ) ਸਾਰੇ ਕਾਂਗਰਸ ਨੂੰ ਸੱਤਾ ਤੋਂ ਹਟਾਉਣ ਅਤੇ ਭਾਜਪਾ ਨੂੰ ਲਿਆਉਣ ਲਈ ਤਿਆਰ ਹੋ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਦਿੱਲੀ ਤੋਂ ਜਿੰਨੀ ਮਰਜ਼ੀ ਕੋਸ਼ਿਸ਼ ਕਰਾਂ ਪਰ ਇੱਥੋਂ ਦੀ ਕਾਂਗਰਸ ਸਰਕਾਰ ਨਾਕਾਮ ਕਰਨ ‘ਚ ਲੱਗੀ ਹੋਈ ਹੈ। ਛੱਤੀਸਗੜ੍ਹ ਨੂੰ ਪਿਛਲੇ ਪੰਜ ਸਾਲਾਂ ਵਿੱਚ ਕੇਂਦਰ ਤੋਂ ਹਜ਼ਾਰਾਂ ਕਰੋੜ ਰੁਪਏ ਮਿਲੇ ਹਨ। ਇੱਥੇ ਸੜਕ ਹੋਵੇ, ਰੇਲਵੇ ਹੋਵੇ ਜਾਂ ਬਿਜਲੀ, ਮੈਂ ਇਸ ਸਥਾਨ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਅਤੇ ਇਹ ਗੱਲ ਮੈਂ ਨਹੀਂ, ਸਗੋਂ ਇੱਥੋਂ ਦੀ ਕਾਂਗਰਸ ਸਰਕਾਰ ਦੇ ਉਪ ਮੁੱਖ ਮੰਤਰੀ ਦਾ ਕਹਿਣਾ ਹੈ। ਇਸ ਲਈ ਇੱਥੇ ਭਾਜਪਾ ਦੀ ਸਰਕਾਰ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਛੱਤੀਸਗੜ੍ਹ ਨੂੰ ਰੇਲਵੇ ਲਈ ਔਸਤਨ 300 ਕਰੋੜ ਰੁਪਏ ਸਾਲਾਨਾ ਮਿਲਦੇ ਸਨ, ਪਰ ਇਸ ਸਾਲ ਭਾਜਪਾ ਸਰਕਾਰ ਨੇ ਛੱਤੀਸਗੜ੍ਹ ਵਿੱਚ ਰੇਲਵੇ ਦੇ ਵਿਸਥਾਰ ਲਈ 6000 ਕਰੋੜ ਰੁਪਏ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
