ਕੋਲਕਾਤਾ, 25 ਸਤੰਬਰ (ਹਿ. ਸ.)। ਅਰੁਣਾਚਲ ਪ੍ਰਦੇਸ਼ ਦੇ ਖਿਡਾਰੀਆਂ ਨੂੰ ਚੀਨ ’ਚ ਹੋ ਰਹੀਆਂ ਏਸ਼ੀਆਈ ਖੇਡਾਂ ਵਿੱਚ ਐਂਟਰੀ ਨਾ ਦਿੱਤੇ ਜਾਣ ਨੂੰ ਲੈ ਕੇ ਤਣਾਅਪੂਰਨ ਸਬੰਧਾਂ ਵਿਚਾਲੇ ਚੀਨ ਦੇ ਰਾਜਦੂਤ ਨੇ ਕਿਹਾ ਹੈ ਕਿ ਚੀਨ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ। ਕੋਲਕਾਤਾ ’ਚ ਕੌਂਸਲ ਜਨਰਲ ਲਿਊ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਹਮੇਸ਼ਾ ਮਜ਼ਬੂਤ ਰਹਿਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੇ ਸਬੰਧ ਹੁਣ ਸਥਿਰ ਹਨ ਅਤੇ ਦੋਵਾਂ ਦੇਸ਼ਾਂ ਦੇ ਨੇਤਾ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਨ। ਏਸ਼ੀਆਈ ਖੇਡਾਂ ਸਾਡੇ ਸਾਰਿਆਂ ਲਈ ਹਨ। ਅਸੀਂ ਪਰਿਵਾਰ ਵਾਂਗ ਹਾਂ। ਹਾਲਾਂਕਿ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਲਈ ਅਰੁਣਾਚਲ ਪ੍ਰਦੇਸ਼ ਦੇ ਤਿੰਨ ਵੁਸ਼ੂ ਖਿਡਾਰੀਆਂ ਨੂੰ ਵੀਜ਼ਾ ਨਾ ਦੇਣ ਅਤੇ ਲੋੜੀਂਦੇ ਦਸਤਾਵੇਜ਼ ਮੁਹੱਈਆ ਨਾ ਕਰਵਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਦੁਵੱਲਾ ਮੁੱਦਾ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਇਸ ਕਦਮ ਦੇ ਵਿਰੋਧ ’ਚ ਭਾਰਤ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਏਸ਼ੀਆਈ ਖੇਡਾਂ ਦਾ ਦੌਰਾ ਰੱਦ ਕਰ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
