ਸ਼ਿਮਲਾ, 25 ਦਸੰਬਰ (ਹਿ.ਸ.)। ਕ੍ਰਿਸਮਸ ਦੇ ਮੌਕੇ ‘ਤੇ ਪਹਾੜਾਂ ਦੀ ਰਾਣੀ ਸ਼ਿਮਲਾ ਸੈਲਾਨੀਆਂ ਨਾਲ ਖਚਾਖਚ ਭਰਿਆ ਹੋਇਆ ਹੈ। ਕ੍ਰਿਸਮਸ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਦਿਲਚਸਪ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਅਚਾਨਕ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਹੋਣ ਕਾਰਨ ਵੱਡੇ ਹੋਟਲ ਫੁੱਲ ਹੋ ਚੁੱਕੇ ਹਨ ਅਤੇ ਛੋਟੇ ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਵੀ ਕਮਰਿਆਂ ਲਈ ਮਾਰਾਮਾਰੀ ਹੈ।
ਸ਼ਿਮਲਾ ਨਾਲ ਲੱਗਦੇ ਸੈਰ-ਸਪਾਟਾ ਸਥਾਨਾਂ ਕੁਫਰੀ, ਫਾਗੂ, ਨਾਰਕੰਡਾ, ਨਾਲਦੇਹਰਾ ਦੀ ਰੋਣਕ ਵੀ ਨਿਖਰੀ ਹੋਈ ਹੈ। ਇਨ੍ਹਾਂ ਥਾਵਾਂ ‘ਤੇ ਵੀ ਸੈਲਾਨੀਆਂ ਦੀ ਭੀੜ ਹੈ, ਜਿਸ ਕਾਰਨ ਕਾਰੋਬਾਰੀਆਂ ਦੇ ਚਿਹਰਿਆਂ ‘ਤੇ ਖੁਸ਼ੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸਾਲ ਦੀ ਆਮਦ ਤੱਕ ਸ਼ਹਿਰ ਵਿੱਚ ਪੈਰ ਰੱਖਣ ਲਈ ਵੀ ਥਾਂ ਨਹੀਂ ਬਚੇਗੀ।
ਪੁਲਿਸ ਮੁਤਾਬਕ ਪਿਛਲੇ ਤਿੰਨ ਦਿਨਾਂ ਵਿੱਚ 25 ਹਜ਼ਾਰ ਤੋਂ ਵੱਧ ਵਾਹਨ ਸ਼ਿਮਲਾ ਪਹੁੰਚ ਚੁੱਕੇ ਹਨ। ਐਤਵਾਰ ਸਵੇਰੇ 8 ਵਜੇ ਤੋਂ ਸੋਮਵਾਰ ਸਵੇਰੇ 8 ਵਜੇ ਤੱਕ ਲਗਭਗ ਅੱਠ ਹਜ਼ਾਰ ਵਾਹਨ ਸ਼ਿਮਲਾ ਵਿੱਚ ਦਾਖਲ ਹੋਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬਾਹਰਲੇ ਰਾਜਾਂ ਦੇ ਵਾਹਨ ਸਨ।
ਐਤਵਾਰ ਨੂੰ ਸ਼ਿਮਲਾ ਸ਼ਹਿਰ ’ਚ ਲੋਕਾਂ ਨੂੰ ਦਿਨ ਭਰ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸਥਿਤੀ ਇਹ ਬਣ ਗਈ ਕਿ ਸ਼ਾਮ ਤੱਕ ਵਾਹਨ ਹੌਲੀ-ਹੌਲੀ ਚੱਲਣ ਲੱਗੇ। ਸ਼ਹਿਰ ਦੇ ਪ੍ਰਵੇਸ਼ ਦੁਆਰ ਸ਼ੋਘੀ ਤੋਂ ਸ਼ਿਮਲਾ ਸ਼ਹਿਰ ਤੱਕ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ ‘ਤੇ ਕਰੀਬ 15 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਰਿਹਾ। ਇਹ ਦੂਰੀ ਤੈਅ ਕਰਨ ਵਿੱਚ ਵਾਹਨ ਚਾਲਕਾਂ ਨੂੰ ਤਿੰਨ ਘੰਟੇ ਲੱਗ ਗਏ।
ਬਿਨ੍ਹਾਂ ਬੁਕਿੰਗ ਦੇ ਸ਼ਿਮਲਾ ਪਹੁੰਚੇ ਸੈਲਾਨਿਆਂ ਨੂੰ ਹੋਟਲ ਭਰੇ ਹੋਣ ਕਾਰਨ ਵੱਖ-ਵੱਖ ਥਾਵਾਂ ‘ਤੇ ਆਸਰਾ ਦੀ ਭਾਲ ਕਰਦੇ ਦੇਖਿਆ ਗਿਆ। ਦਿੱਲੀ ਅਤੇ ਚੰਡੀਗੜ੍ਹ ਤੋਂ ਆਉਣ ਵਾਲੀਆਂ ਬੱਸਾਂ ਸੈਲਾਨੀਆਂ ਨਾਲ ਭਰੀਆਂ ਰਹੀਆਂ। ਇਸੇ ਤਰ੍ਹਾਂ ਕਾਲਕਾ-ਸ਼ਿਮਲਾ ਹੈਰੀਟੇਜ ਟ੍ਰੈਕ ‘ਤੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਇਨ੍ਹੀਂ ਦਿਨੀਂ ਖਚਾਖਚ ਭਰੀਆਂ ਚੱਲ ਰਹੀਆਂ ਹਨ। 5 ਜਨਵਰੀ ਤੱਕ ਸੈਲਾਨੀਆਂ ਵਲੋਂ ਰੇਲ ਗੱਡੀਆਂ ਬੁੱਕ ਹਨ।
ਕੜਾਕੇ ਦੀ ਠੰਡ ਦੇ ਬਾਵਜੂਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੈਲਾਨੀ ਇੱਥੇ ਪਹੁੰਚ ਰਹੇ ਹਨ। ਹਾਲਾਂਕਿ ਸ਼ਿਮਲਾ ‘ਚ ਇਸ ਵਾਰ ਸੈਲਾਨੀਆਂ ਨੂੰ ਬਰਫਬਾਰੀ ਦੇਖਣ ਨੂੰ ਨਹੀਂ ਮਿਲ ਰਹੀ ਹੈ। ਕ੍ਰਿਸਮਿਸ ਦੇ ਸੋਮਵਾਰ ਨੂੰ ਸ਼ਿਮਲਾ ਵਿੱਚ ਸੈਲਾਨੀ ਨਿੱਘੀ ਧੁੱਪ ਦਾ ਆਨੰਦ ਲੈ ਰਹੇ ਹਨ। ਮੌਸਮ ਵਿਭਾਗ ਨੇ 29 ਦਸੰਬਰ ਤੋਂ ਮੌਸਮ ਦੇ ਖ਼ਰਾਬ ਹੋਣ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਸੈਲਾਨੀਆਂ ਨੂੰ ਨਵੇਂ ਸਾਲ ਦੇ ਮੌਕੇ ‘ਤੇ ਸ਼ਿਮਲਾ ‘ਚ ਬਰਫਬਾਰੀ ਦੀ ਉਮੀਦ ਬੱਝ ਗਈ ਹੈ।
ਸੈਲਾਨੀਆਂ ਦੀ ਆਮਦ ਵਧਣ ਨਾਲ ਸਥਾਨਕ ਕਾਰੋਬਾਰੀ ਕਾਫੀ ਖੁਸ਼ ਹਨ। ਇਸ ਸਾਲ ਮਾਨਸੂਨ ਦੇ ਸੀਜ਼ਨ ਦੌਰਾਨ ਆਈ ਆਫਤ ਕਾਰਨ ਸ਼ਿਮਲਾ ‘ਚ ਸੈਰ-ਸਪਾਟਾ ਕਾਰੋਬਾਰ ਨੂੰ ਭਾਰੀ ਨੁਕਸਾਨ ਹੋਇਆ ਹੈ। ਅਗਸਤ ਤੋਂ ਨਵੰਬਰ ਤੱਕ ਇੱਥੇ ਸੈਲਾਨੀਆਂ ਦੀ ਆਮਦ ਵਿੱਚ ਕਮੀ ਆਈ।
ਸ਼ਿਮਲਾ ਟਰੈਵਲ ਏਜੰਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨੂ ਸੂਦ ਨੇ ਕਿਹਾ ਕਿ ਕ੍ਰਿਸਮਿਸ ਮੌਕੇ ਸੈਲਾਨੀਆਂ ਦੀ ਵੱਡੀ ਗਿਣਤੀ ਵਿੱਚ ਆਉਣਾ ਸੈਰ-ਸਪਾਟਾ ਕਾਰੋਬਾਰ ਲਈ ਚੰਗਾ ਹੈ। ਰਾਜਧਾਨੀ ਦੇ ਹੋਟਲਾਂ ਦੇ ਲਗਭਗ 90 ਫੀਸਦੀ ਕਮਰੇ ਬੁੱਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੌਰਾਨ ਸ਼ਹਿਰ ਵਿੱਚ ਸੈਲਾਨੀਆਂ ਦੀ ਆਮਦ ਹੋਰ ਵਧੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
