ਕੋਲਕਾਤਾ, 20 ਦਸੰਬਰ (ਹਿ.ਸ.)। ਸੰਸਦ ਕੰਪਲੈਕਸ ‘ਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਮਜ਼ਾਕ ਉਡਾਉਣ ਦੀ ਘਟਨਾ ਤੋਂ ਬਾਅਦ ਤ੍ਰਿਣਮੂਲ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਖੁਦ ਕੈਮਰੇ ਦੇ ਸਾਹਮਣੇ ਆ ਗਏ ਹਨ। ਇਕ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਕਿ ਮਿਮਿਕ੍ਰੀ ਇਕ ਕਲਾ ਹੈ, ਜੋ ਮੈਂ ਦਿਖਾਈ। ਮੈਨੂੰ ਨਹੀਂ ਪਤਾ ਕਿ ਧਨਖੜ ਸਾਹਬ ਨੇ ਇਸ ਨੂੰ ਆਪਣੇ ਉੱਪਰ ਕਿਉਂ ਲਿਆ। ਜੇਕਰ ਸੱਚਮੁੱਚ ਅਜਿਹਾ ਹੈ ਤਾਂ ਕੀ ਉਹ ਰਾਜ ਸਭਾ ਦੇ ਅੰਦਰ ਅਜਿਹਾ ਵਿਵਹਾਰ ਕਰਦੇ ਹਨ ? ਉਹ ਮੇਰੇ ਸੀਨੀਅਰ ਹਨ। ਅਸੀਂ ਦੋਵੇਂ ਇੱਕੋ ਪੇਸ਼ੇ ਵਿੱਚ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਕਿਸੇ ਦਾ ਮਜ਼ਾਕ ਨਹੀਂ ਉਣਾਉਣਾ ਚਾਹੀਦਾ।
ਦਰਅਸਲ ਸੰਸਦ ਕੰਪਲੈਕਸ ‘ਚ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਅਪਮਾਨ ਦਾ ਮਾਮਲਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ।
ਲੋਕ ਸਭਾ ਦੀ ਕਾਰਵਾਈ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਸੰਸਦ ਕੰਪਲੈਕਸ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਉਹ ਲਗਾਤਾਰ ਧਨਖੜ ਦੀ ਨਕਲ ਕਰ ਰਹੇ ਸੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਪੂਰੀ ਘਟਨਾ ਨੂੰ ਕੈਮਰੇ ਨਾਲ ਸ਼ੂਟ ਕਰ ਰਹੇ ਸਨ। ਤ੍ਰਿਣਮੂਲ ਸਾਂਸਦ ਦੀ ਇਹ ਕਾਰਵਾਈ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਭਾਜਪਾ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਧਨਖੜ ਨਾਲ ਫ਼ੋਨ ‘ਤੇ ਗੱਲ ਕਰਦਿਆਂ ਕਿਹਾ ਕਿ ਉਹ ਖ਼ੁਦ ਵੀ 20 ਸਾਲਾਂ ਤੋਂ ਅਜਿਹੇ ਅਪਮਾਨ ਦਾ ਸਾਹਮਣਾ ਕਰ ਰਹੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਸੰਸਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਠੀਕ ਨਹੀਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
