
ਦਵਾਰਕਾ, 28 ਸਤੰਬਰ (ਹਿ. ਸ.)।ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਓਖਾ ਨੇੜੇ ਪੁਲਿਸ ਨੇ 4 ਲੋਕਾਂ ਨੂੰ ਇੱਕ ਸ਼ੱਕੀ ਕਿਸ਼ਤੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਉਨ੍ਹਾਂ ਨੂੰ ਲੈਣ ਲਈ ਰਾਜਕੋਟ ਤੋਂ ਓਖਾ ਆਇਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਤਿੰਨ ਈਰਾਨੀ ਅਤੇ ਦੋ ਭਾਰਤੀ ਸ਼ਾਮਲ ਹਨ। ਸਥਾਨਕ ਪੁਲਿਸ ਦੇ ਨਾਲ-ਨਾਲ ਵੱਖ-ਵੱਖ ਏਜੰਸੀਆਂ ਨੇ ਵੀ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਓਖਾ ਪੁਲਿਸ ਅਨੁਸਾਰ ਪੁਲਿਸ ਨੇ 3 ਈਰਾਨੀ ਨਾਗਰਿਕਾਂ ਅਤੇ ਇੱਕ ਭਾਰਤੀ ਨੂੰ ਸ਼ੱਕੀ ਕਿਸ਼ਤੀ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ ਦੇ ਈਰਾਨ ਤੋਂ ਸਮੁੰਦਰੀ ਰਸਤੇ ਭਾਰਤ ਆਉਣ ਦੀ ਸੰਭਾਵਨਾ ਹੈ। ਕਿਸ਼ਤੀ ਤੋਂ ਇੱਕ ਸੈਟੇਲਾਈਟ ਫੋਨ ਵੀ ਬਰਾਮਦ ਹੋਇਆ ਹੈ। ਪੁਲਿਸ ਸੂਤਰਾਂ ਅਨੁਸਾਰ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਤਾਮਿਲਨਾਡੂ ਦੇ ਰਹਿਣ ਵਾਲਾ ਨੌਜਵਾਨ ਈਰਾਨ’ਚ ਕੰਮ ਕਰਦਾ ਸੀ। ਉਸਦਾ ਪਾਸਪੋਰਟ ਉਸਦੇ ਮਾਲਕ ਨੇ ਜ਼ਬਤ ਕਰ ਲਿਆ ਸੀ। ਇਸ ਤੋਂ ਬਾਅਦ ਉਹ ਭਾਰਤ ਭੱਜਣਾ ਚਾਹੁੰਦਾ ਸੀ, ਇਸ ਲਈ ਉਸਨੇ ਭਾਰਤ ਆਉਣ ਲਈ ਈਰਾਨੀ ਕਿਸ਼ਤੀ ਦੀ ਮਦਦ ਲਈ।
ਉਸਦਾ ਭਰਾ ਵੀ ਈਰਾਨ ਵਿੱਚ ਕੰਮ ਕਰਦਾ ਸੀ। ਉਸ ਕੋਲ ਪਾਸਪੋਰਟ ਸੀ, ਇਸ ਲਈ ਉਹ ਰਾਜਕੋਟ ਆਇਆ ਅਤੇ ਬਾਅਦ ਵਿੱਚ ਆਪਣੇ ਭਰਾ ਨੂੰ ਲੈਣ ਲਈ ਓਖਾ ਆਇਆ, ਜੋ ਇਰਾਨੀ ਕਿਸ਼ਤੀ ਰਾਹੀਂ ਭਾਰਤ ਪਹੁੰਚਿਆ ਸੀ। ਪੁਲਿਸ ਨੇ ਉਸਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਫੜੇ ਗਏ ਪੰਜ ਨੌਜਵਾਨਾਂ ਤੋਂ ਵੀ ਪੁੱਛਗਿੱਛ ਕਰ ਰਹੀਆਂ ਹਨ। ਪੁਲਿਸ ਸੂਤਰਾਂ ਮੁਤਾਬਕ ਜ਼ਬਤ ਕੀਤੇ ਗਏ ਸੈਟੇਲਾਈਟ ਫੋਨਾਂ ਦੀ ਗੱਲਬਾਤ ਅਤੇ ਫ੍ਰਿਕਵੈਂਸੀ ਦੇ ਆਧਾਰ ’ਤੇ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਕਿਸ਼ਤੀ ’ਚ ਸਵਾਰ ਲੋਕ ਈਰਾਨ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
