ਚੰਡੀਗੜ੍ਹ, 27 ਸਤੰਬਰ (ਹਿ. ਸ.)। ਨੈਸ਼ਨਲ ਜਾਂਚ ਏਜੰਸੀ ਐਨਆਈਏ ਨੇ ਬੁੱਧਵਾਰ ਨੂੰ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕਰਕੇ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਭਾਰੀ ਮਾਤਰਾ ਵਿੱਚ ਦਸਤਾਵੇਜ਼ ਬਰਾਮਦ ਕੀਤੇ ਹਨ। ਐੱਨਆਈਏ ਨੇ ਕੈਨੇਡਾ ’ਚ ਵਸੇ ਅੱਤਵਾਦੀ ਅਰਸ਼ ਡੱਲਾ ਦੇ ਕਰੀਬੀਆਂ ’ਤੇ ਛਾਪੇਮਾਰੀ ਕੀਤੀ ਹੈ। ਜਿਨ੍ਹਾਂ ਲੋਕਾਂ ਦੇ ਘਰਾਂ ਦੀ ਐੱਨਆਈਏ ਵੱਲੋਂ ਤਲਾਸ਼ੀ ਲਈ ਗਈ ਹੈ, ਉਨ੍ਹਾਂ ਦੀ ਵਿਦੇਸ਼ਾਂ ’ਚ ਲਗਾਤਾਰ ਫੋਨ ’ਤੇ ਗੱਲਬਾਤ ਹੁੰਦੀ ਹੈ। ਇਸ ਦੇ ਬਾਵਜੂਦ ਇਨ੍ਹਾਂ ਵਿੱਚੋਂ ਬਹੁਤਿਆਂ ਦਾ ਕੋਈ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵਿਦੇਸ਼ਾਂ ਵਿੱਚ ਨਹੀਂ ਰਹਿੰਦਾ ਹੈ। ਐੱਨਆਈਏ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਬੁੱਧਵਾਰ ਸਵੇਰੇ 5 ਵਜੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ 30 ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਕਰੀਬ ਪੰਜ ਘੰਟੇ ਜਾਰੀ ਰਹੀ।
ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜ਼ੋਰਾ ਸਿੰਘ ਨੂੰ ਫੜ੍ਹਿਆ ਗਿਆ ਹੈ। ਉਹ ਕਈ ਸਾਲਾਂ ਤੋਂ ਡੱਲਾ ਦੇ ਸੰਪਰਕ ਵਿੱਚ ਸੀ। ਐਨਆਈਏ ਦੀਆਂ ਟੀਮਾਂ ਨੇ ਅੱਜ ਸਵੇਰੇ ਉਸਨੂੰ ਮੱਛੀ ਮੰਡੀ ਸਥਿਤ ਉਸਦੇ ਘਰ ਤੋਂ ਤਲਾਸ਼ੀ ਦੌਰਾਨ ਫੜ ਲਿਆ। ਉਸਦੇ ਮੋਬਾਈਲ ’ਚੋਂ ਅਰਸ਼ ਡੱਲਾ ਨਾਲ ਚੈਟਿੰਗ ਮਿਲੀ ਹੈ। ਉਹ ਹਥਿਆਰਾਂ ਦੀ ਤਸਕਰੀ ਕਰਦਾ ਹੈ।
ਐੱਨਆਈਏ ਨੇ ਬਠਿੰਡਾ ’ਚ ਦੋ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਟੀਮ ਨੇ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ। ਗੁਰੀ ਬਠਿੰਡਾ ਪੁਲਿਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ। ਮੌੜ ਮੰਡੀ ਵਿੱਚ ਗੈਂਗਸਟਰ ਹੈਰੀ ਦੇ ਘਰ ਦੀ ਟੀਮ ਨੇ ਜਾਂਚ ਕੀਤੀ। ਹੈਰੀ ਕਈ ਮਾਮਲਿਆਂ ’ਚ ਦੋਸ਼ੀ ਹੈ।
ਪੰਜਾਬ ਦੇ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਰਾਜਪੁਰਾ ਖੇਤਰ ਦੇ ਪਿੰਡ ਖੈਰਪੁਰ ਜੱਟਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸੇ ਪਿੰਡ ਦੇ ਜਗਜੋਤ ਸਿੰਘ ਨੇ ਵਿਦੇਸ਼ ਜਾਣ ਲਈ ਜੈਤੋ ਦੀ ਰਹਿਣ ਵਾਲੀ ਟ੍ਰੈਵਲ ਏਜੰਟ ਖੁਸ਼ਦੀਪ ਕੌਰ ਦੇ ਖਾਤੇ ਵਿੱਚ ਚਾਰ ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਫਰੀਦਕੋਟ ’ਚ ਸੁਖਜੀਤ ਸਿੰਘ ਉਰਫ ਭੋਲਾ ਨਿਹੰਗ ਦੇ ਘਰ ਛਾਪਾ ਮਾਰਿਆ ਗਿਆ ਹੈ। ਉਹ ਡੇਰਾ ਪ੍ਰੇਮੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹੈ। ਟੀਮ ਉਸ ਦੇ ਭਰਾ ਕਰਮਜੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਭੋਲਾ ਨਿਹੰਗ ਦੇ ਖਾਲਿਸਤਾਨੀਆਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਐੱਨਆਈਏ ਨੇ ਮੋਗਾ ਦੇ ਨਿਹਾਲ ਸਿੰਘ ਵਾਲਾ ਪਿੰਡ ਤਖਤੂਪੁਰਾ ਦੇ ਸਾਬਕਾ ਸਰਪੰਚ ਦੇ ਘਰ ਛਾਪਾ ਮਾਰਿਆ ਹੈ। ਟੀਮ ਨੇ ਉਸਦੇ ਸ਼ਰਾਬ ਦੇ ਠੇਕੇਦਾਰ ਬੇਟੇ ਦਾ ਮੋਬਾਈਲ ਫੋਨ ਆਪਣੇ ਨਾਲ ਲੈ ਲਿਆ ਹੈ।
ਲੁਧਿਆਣਾ ਦੇ ਜਗਰਾਉਂ ਦੇ ਵਿਜੇ ਨਗਰ ਵਿੱਚ ਇੱਕ ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਸ ਜਗ੍ਹਾ ’ਤੇ ਪਹਿਲਾਂ ਵੀ ਸੱਤ ਵਾਰ ਛਾਪੇਮਾਰੀ ਹੋ ਚੁੱਕੀ ਹੈ। ਬਰਨਾਲਾ ਦੇ ਪਿੰਡ ਸੰਘੇੜਾ ਵਿੱਚ ਦਰਸ਼ਨ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਹੈ। ਉਹ ਗੁਰਦੁਆਰੇ ਵਿੱਚ ਗ੍ਰੰਥੀ ਹੈ। ਦਰਸ਼ਨ ਸਿੰਘ ਦੇ ਲੜਕੇ ਦੇ ਗੈਂਗਸਟਰਾਂ ਨਾਲ ਸਬੰਧ ਹਨ। ਇਹ ਪਰਿਵਾਰ ਸੰਗਰੂਰ ਸ਼ਿਫਟ ਹੋ ਗਿਆ ਹੈ, ਜਿਸ ਤੋਂ ਬਾਅਦ ਟੀਮ ਉੱਥੇ ਗਈ। ਸਾਧੂ ਸਿੰਘ ਦੇ ਮਾਨਸਾ ਸਥਿਤ ਘਰ ’ਤੇ ਛਾਪਾ ਮਾਰਿਆ ਗਿਆ ਹੈ। ਸਾਧੂ ਸਿੰਘ ਇਸ ਸਮੇਂ ਉੱਤਰਾਖੰਡ ਦੀ ਜੇਲ੍ਹ ਵਿੱਚ ਬੰਦ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
