
ਇਟਾਵਾ, 16 ਨਵੰਬਰ (ਹਿ.ਸ.)। ਨਵੀਂ ਦਿੱਲੀ ਤੋਂ ਬਿਹਾਰ ਦੇ ਸਹਰਸਾ ਜਾ ਰਹੀ ਵੈਸ਼ਾਲੀ ਐਕਸਪ੍ਰੈੱਸ ਦੇ ਐੱਸ-6 ਕੋਚ ‘ਚ ਅੱਗ ਲੱਗਣ ਕਾਰਨ 19 ਯਾਤਰੀ ਜ਼ਖਮੀ ਹੋ ਗਏ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਜ਼ਖਮੀ ਯਾਤਰੀਆਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। 11 ਯਾਤਰੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੈਫਈ ਮੈਡੀਕਲ ਯੂਨੀਵਰਸਿਟੀ ਰੈਫਰ ਕਰ ਦਿੱਤਾ ਗਿਆ ਹੈ। 12 ਘੰਟਿਆਂ ਦੇ ਅੰਦਰ ਟਰੇਨ ਨੂੰ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਖਰਾਬ ਹੋਈ ਬੋਗੀ ਨੂੰ ਵੱਖ ਕਰ ਦਿੱਤਾ ਗਿਆ ਅਤੇ ਟਰੇਨ ਨੂੰ ਉਸ ਦੀ ਮੰਜ਼ਿਲ ‘ਤੇ ਭੇਜ ਦਿੱਤਾ ਗਿਆ।
ਮੌਕੇ ’ਤੇ ਪੁੱਜੇ ਵਧੀਕ ਪੁਲਿਸ ਕਪਤਾਨ (ਦਿਹਾਤੀ) ਸਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਦੇ ਕਰੀਬ ਇਟਾਵਾ ਰੇਲਵੇ ਸਟੇਸ਼ਨ ਨੇੜੇ ਮੈਨਪੁਰੀ ਰੇਲਵੇ ਕ੍ਰਾਸਿੰਗ ਨੇੜੇ ਨਵੀਂ ਦਿੱਲੀ ਤੋਂ ਬਿਹਾਰ ਦੇ ਸਹਰਸਾ ਵੱਲ ਜਾ ਰਹੀ ਵੈਸ਼ਾਲੀ ਐਕਸਪ੍ਰੈਸ (ਟਰੇਨ ਨੰਬਰ 12554) ਦੇ ਐਸ-6 ਕੋਚ ਵਿੱਚ ਅੱਗ ਲੱਗਣ ਦੀ ਸੂਚਨਾ ਕੰਟਰੋਲ ਰੂਮ ਤੋਂ ਮਿਲੀ ਸੀ। ਜਿਸ ਉਪਰੰਤ ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਅਤੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ। 11 ਗੰਭੀਰ ਜ਼ਖਮੀ ਯਾਤਰੀਆਂ ਨੂੰ ਸੈਫਈ ਮੈਡੀਕਲ ਯੂਨੀਵਰਸਿਟੀ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਰੇਲਵੇ ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕਰਨ ਤੋਂ ਬਾਅਦ ਹੀ ਵਿਸਤ੍ਰਿਤ ਜਾਣਕਾਰੀ ਸਾਹਮਣੇ ਆਵੇਗੀ।
ਸਟੇਸ਼ਨ ਸੁਪਰਡੈਂਟ ਪੂਰਨਮਲ ਮੀਨਾ ਨੇ ਦੱਸਿਆ ਕਿ ਜ਼ਖਮੀ ਯਾਤਰੀਆਂ ‘ਚੋਂ 8 ਯਾਤਰੀ ਅੱਗ ’ਚ ਝੁਲਸਣ ਅਤੇ 11 ਯਾਤਰੀ ਧੂੰਏਂ ਕਾਰਨ ਦਮ ਘੁੱਟਣ ਕਾਰਨ ਬੀਮਾਰ ਹੋ ਗਏ। ਅੱਗ ਕਾਰਨ ਨੁਕਸਾਨੀ ਗਈ ਬੋਗੀ ਨੂੰ ਟਰੇਨ ਤੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਟਰੇਨ ਨੂੰ ਉਸਦੀ ਮੰਜ਼ਿਲ ‘ਤੇ ਭੇਜ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
