ਲਖਨਊ, 28 ਸਤੰਬਰ (ਹਿ. ਸ.)। ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲ ਕਾਂਡ ਦੇ ਭਗੌੜੇ ਅਬਦੁਲ ਸਮਦ ਉਰਫ ਸੱਦਾਮ ਨੂੰ ਯੂਪੀ ਐਸਟੀਐਫ ਦੀ ਬਰੇਲੀ ਯੂਨਿਟ ਨੇ ਮਾਲਵੀਆ ਨਗਰ, ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਸੱਦਾਮ ਮਾਫੀਆ ਅਤੀਕ ਅਹਿਮਦ ਦੇ ਭਰਾ ਅਸ਼ਰਫ ਦਾ ਸਾਲਾ ਹੈ।
ਯੂਪੀ ਐਸਟੀਐਫ ਮੁਤਾਬਕ ਸੱਦਾਮ ’ਤੇ 1 ਲੱਖ ਰੁਪਏ ਦਾ ਇਨਾਮ ਸੀ। ਸੱਦਾਮ ਪੁੱਤਰ ਮੰਸੂਰ ਅਹਿਮਦ ਪ੍ਰਯਾਗਰਾਜ ਜ਼ਿਲ੍ਹੇ ਦੇ ਪਿੰਡ ਹਟਵਾ ਉਪਰਹਾਰ ਦਾ ਰਹਿਣ ਵਾਲਾ ਹੈ। ਅਤੀਕ ਦੀ ਪਤਨੀ ਸ਼ਾਇਸਤਾ ਪਰਵੀਨ ਬਾਰੇ ਵੀ ਜਾਣਕਾਰੀ ਮਿਲ ਸਕਦੀ ਹੈ, ਜੋ ਸੱਦਾਮ ਦੀ ਗ੍ਰਿਫਤਾਰੀ ਤੋਂ ਬਾਅਦ ਫਰਾਰ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਗ੍ਰਿਫਤਾਰ ਮਾਫੀਆ ਅਤੀਕ ਅਤੇ ਅਸ਼ਰਫ 15 ਅਪ੍ਰੈਲ ਨੂੰ ਪ੍ਰਯਾਗਰਾਜ ’ਚ ਹੋਏ ਹਮਲੇ ’ਚ ਮਾਰੇ ਗਏ ਸਨ।
ਯੂਪੀ ਐਸਟੀਐਫ ਦੇ ਡੀਐਸਪੀ ਅਬਦੁਲ ਕਾਦਿਰ ਦੀ ਅਗਵਾਈ ਵਿੱਚ ਟੀਮ ਨੇ ਕਈ ਮਹੀਨਿਆਂ ਤੋਂ ਦਿੱਲੀ ਵਿੱਚ ਡੇਰਾ ਲਾਇਆ ਹੋਇਆ ਸੀ। ਇਸ ਤੋਂ ਬਾਅਦ ਸੱਦਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਐਸਟੀਐਫ ਉਸਨੂੰ ਬਰੇਲੀ ਦੇ ਬਿਥਰੀ ਚੈਨਪੁਰ ਥਾਣੇ ਲੈ ਗਈ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
