ਚੰਡੀਗੜ੍ਹ, 15 ਜਨਵਰੀ (ਹਿ. ਸ.)। ਈਡੀ ਨੇ ਸੋਮਵਾਰ ਰਾਤ ਨੂੰ ਕਾਰਵਾਈ ਕਰਦੇ ਹੋਏ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਹੈ। ਧਰਮਸੋਤ ਨੂੰ ਜੰਗਲਾਤ ਘੁਟਾਲੇ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਅੱਜ ਜਲੰਧਰ ਦਫ਼ਤਰ ਬੁਲਾਇਆ ਗਿਆ ਸੀ। ਜਵਾਬ ਤੋਂ ਸੰਤੁਸ਼ਟ ਨਾ ਹੋਣ ‘ਤੇ ਈਡੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਦੂਜੀ ਵਾਰ ਹੈ ਜਦੋਂ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਨਵੰਬਰ 2023 ਵਿੱਚ ਈਡੀ ਨੇ ਧਰਮਸੋਤ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ, ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਫਰਵਰੀ ਵਿੱਚ ਗ੍ਰਿਫਤਾਰ ਕੀਤਾ ਸੀ। ਸਾਲ 2022 ‘ਚ ਵੀ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ 89 ਦਿਨ ਜੇਲ ‘ਚ ਬਿਤਾਉਣ ਤੋਂ ਬਾਅਦ ਸਤੰਬਰ 2022 ‘ਚ ਜ਼ਮਾਨਤ ‘ਤੇ ਬਾਹਰ ਆ ਗਏ ਸਨ।
ਈਡੀ ਧਰਮਸੋਤ ਦੇ ਕਰੀਬੀਆਂ ਅਤੇ ਜੰਗਲਾਤ ਵਿਭਾਗ ਦੇ ਠੇਕੇਦਾਰ ਹਰਮੋਹਿੰਦਰ ਸਿੰਘ, ਖੰਨਾ ਸਥਿਤ ਕਰੀਬੀਆਂ ਅਤੇ ਕੁਝ ਅਧਿਕਾਰੀਆਂ ਵਿਰੁੱਧ ਕਾਰਵਾਈ ਕਰ ਸਕਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
