ਚੰਡੀਗੜ੍ਹ, 30 ਦਸੰਬਰ (ਹਿ. ਸ.)। ਪੰਜਾਬ ਨੂੰ ਅੱਜ ਵੰਦੇ ਭਾਰਤ ਐਕਸਪ੍ਰੈਸ ਦੀ ਸੌਗਾਤ ਮਿਲਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਤੋਂ ਛੇ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇਣਗੇ। ਇਨ੍ਹਾਂ ‘ਚੋਂ ਇਕ ਵੰਦੇ ਭਾਰਤ ਐਕਸਪ੍ਰੈਸ ਅੰਮ੍ਰਿਤਸਰ ਤੋਂ ਦਿੱਲੀ ਵਿਚਕਾਰ ਦੌੜੇਗੀ। ਇਹ ਐਕਸਪ੍ਰੈਸ ਸ਼ੁੱਕਰਵਾਰ ਨੂੰ ਛੱਡ ਕੇ ਹਫ਼ਤੇ ਦੇ ਛੇ ਦਿਨ ਚੱਲੇਗੀ। ਅੱਜ ਤੋਂ ਸ਼ੁਰੂ ਹੋਣ ਵਾਲੀ ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਲਈ ਰੇਲਵੇ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਪਹਿਲੇ ਦਿਨ ਸਾਰੇ ਯਾਤਰੀਆਂ ਨੂੰ ਇਸ ਟਰੇਨ ‘ਚ ਦਿੱਲੀ ਤੱਕ ਮੁਫਤ ਸਫਰ ਮਿਲੇਗਾ।
ਇਹ ਟਰੇਨ ਸ਼ਨੀਵਾਰ ਅੰਮ੍ਰਿਤਸਰ ਤੋਂ ਸਵੇਰੇ 11:15 ਵਜੇ ਰਵਾਨਾ ਹੋਵੇਗੀ। 31 ਦਸੰਬਰ ਤੋਂ ਇਹ ਰੇਲਗੱਡੀ ਅੰਮ੍ਰਿਤਸਰ ਤੋਂ ਸਵੇਰੇ 8:15 ਵਜੇ ਚੱਲੇਗੀ ਅਤੇ ਦੁਪਹਿਰ 1:30 ਵਜੇ ਦਿੱਲੀ ਪਹੁੰਚੇਗੀ ਅਤੇ ਇਸਦਾ ਸਟੇਸ਼ਨਾਂ ’ਤੇ ਸਿਰਫ਼ ਦੋ-ਦੋ ਮਿੰਟ ਹੀ ਸਟਾਪੇਜ਼ ਹੋਵੇਗਾ। ਉੱਥੇ ਹੀ ਰੋਜ਼ਾਨਾ ਇਹ ਦਿੱਲੀ ਤੋਂ 3:15 ਵਜੇ ਰਵਾਨਾ ਹੋਵੇਗੀ ਅਤੇ ਰਾਤ ਨੂੰ 8:40 ਵਜੇ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇਗੀ। ਜਾਣਕਾਰੀ ਅਨੁਸਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅੰਮ੍ਰਿਤਸਰ ‘ਚ ਉਦਘਾਟਨ ਮੌਕੇ ਪਹੁੰਚਣਗੇ।
ਪ੍ਰਧਾਨ ਮੰਤਰੀ ਮੋਦੀ ਅੱਜ ਜਿਨ੍ਹਾਂ ਛੇ ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ, ਉਨ੍ਹਾਂ ਵਿੱਚ ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਤੋਂ ਇਲਾਵਾ ਅਯੁੱਧਿਆ-ਆਨੰਦ ਵਿਹਾਰ ਟਰਮੀਨਲ ਵੰਦੇ ਭਾਰਤ, ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ, ਕੋਇੰਬਟੂਰ-ਬੈਂਗਲੁਰੂ ਕੈਂਟ ਵੰਦੇ ਭਾਰਤ, ਮੰਗਲੌਰ-ਮਡਗਾਓਂ ਵੰਦੇ ਭਾਰਤ, ਜਾਲਨਾ-ਮੁੰਬਈ ਵੰਦੇ ਭਾਰਤ ਸ਼ਾਮਲ ਹਨ। ਇਸ ਦੇ ਨਾਲ ਹੀ ਅੰਮ੍ਰਿਤ ਭਾਰਤ ਟਰੇਨ ਵੀ ਹੈ, ਜੋ ਅਯੁੱਧਿਆ ਆਨੰਦ ਵਿਹਾਰ ਤੋਂ ਦਰਭੰਗਾ ਮਾਰਗ ’ਤੇ ਚੱਲੇਗੀ ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
