ਅਯੁੱਧਿਆਧਾਮ, 20 ਜਨਵਰੀ (ਹਿ.ਸ.)। ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੁੱਧਿਆਧਾਮ ਇਤਿਹਾਸ ਰਚਣ ਦੇ ਬਹੁਤ ਨੇੜੇ ਹੈ। ਹੁਣ ਇੱਥੇ ਸ਼੍ਰੀ ਰਾਮ ਦੇ ਜਨਮ ਅਸਥਾਨ ‘ਤੇ ਬਣਾਏ ਜਾ ਰਹੇ ਵਿਸ਼ਾਲ ਅਤੇ ਬ੍ਰਹਮ ਮੰਦਰ ‘ਚ ਭਗਵਾਨ ਸ਼੍ਰੀ ਰਾਮ ਬਿਰਾਜਮਾਨ ਹੋਣ ਜਾ ਰਹੇ ਹਨ ਅਤੇ ਜਲਦ ਹੀ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦੇਣ ਵਾਲੇ ਹਨ। ਅੱਜ (ਸ਼ਨੀਵਾਰ) ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਪੰਜਵਾਂ ਦਿਨ ਹੈ।
ਹੁਣ ਰਾਮ ਲੱਲਾ ਅਸਥਾਈ ਪਾਵਨ ਅਸਥਾਨ ‘ਚ ਨਹੀਂ ਦਿਖਾਈ ਦੇਣਗੇ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ 23 ਜਨਵਰੀ ਤੋਂ ਨਵੇਂ ਬਣੇ ਵਿਸ਼ਾਲ ਅਤੇ ਦੈਵੀ ਰਾਮ ਮੰਦਰ ਵਿੱਚ ਫਿਰ ਤੋਂ ਦਰਸ਼ਨ ਸ਼ੁਰੂ ਹੋਣਗੇ। ਬਦਲਵੇਂ ਪਾਵਨ ਅਸਥਾਨ ਵਿੱਚ ਬਿਰਾਜਮਾਨ ਰਾਮ ਲੱਲਾ ਨੂੰ ਨਵੇਂ ਬਣੇ ਰਾਮ ਮੰਦਰ ਦੇ ਪਾਵਨ ਅਸਥਾਨ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਦੇ ਲਈ ਗੋਲਡ ਪਲੇਟਿਡ ਬੇਸ ਤਿਆਰ ਕੀਤਾ ਗਿਆ ਹੈ।
ਅੱਜ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਦੇ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਅਤੇ ਕਾਸ਼ੀ ਦੇ ਉਦਯੋਗਪਤੀ ਸੂਰਿਆਕਾਂਤ ਜਾਲਾਨ ਵੀ ਪ੍ਰਾਣ ਪ੍ਰਤਿਸ਼ਠਾ ਰਸਮ ਵਿੱਚ ਮੇਜ਼ਬਾਨ ਦੀ ਭੂਮਿਕਾ ਨਿਭਾਉਣਗੇ। ਇੱਕ ਹੋਰ ਮੇਜ਼ਬਾਨ, ਵੀਐਚਪੀ ਦੇ ਪ੍ਰਧਾਨ ਡਾਕਟਰ ਆਰਐੱਨ ਸਿੰਘ ਵੀ ਸ਼ੁੱਕਰਵਾਰ ਸ਼ਾਮ ਨੂੰ ਅਯੁੱਧਿਆ ਪਹੁੰਚੇ। ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਅੰਮ੍ਰਿਤ ਮਹੋਤਸਵ ਲੇਜ਼ਰ ਸ਼ੋਅ ਕਰਵਾਇਆ ਗਿਆ।
ਪ੍ਰਾਣ ਪ੍ਰਤਿਸ਼ਠਾ ਦੀ ਰਸਮ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਸਵੇਰੇ ਨੌਂ ਵਜੇ ਨਿਸ਼ਚਿਤ ਸਮੇਂ ‘ਤੇ ਵੈਦਿਕ ਮੰਤਰਾਂ ਦੇ ਜਾਪ ਦੇ ਵਿਚਕਾਰ ਅਰਣੀ ਮੰਥਨ ਵਿਧੀ ਰਾਹੀਂ ਅਗਨੀਦੇਵ ਦਾ ਪ੍ਰਕਾਸ਼ ਕਰਕੇ ਰਸਮ ਦੀ ਸ਼ੁਰੂਆਤ ਕੀਤੀ ਗਈ। ਇਸ ਵਿਧੀ ਵਿੱਚ ਸ਼ਮੀ ਅਤੇ ਪੀਪਲ ਦੀ ਲੱਕੜ ਦੇ ਰਗੜ ਨਾਲ ਅੱਗ ਪੈਦਾ ਕੀਤੀ ਜਾਂਦੀ ਹੈ। ਤਿਰੁਮਾਲਾ ਦੇਵਸਥਾਨਮ ਟਰੱਸਟ ਵੱਲੋਂ ਸ਼੍ਰੀ ਰਾਮ ਲੱਲਾ ਦੀ ਮੂਰਤੀ ਦੇ ਪਵਿੱਤਰ ਅਸਥਾਨ ’ਚ ਪ੍ਰਾਣ ਪ੍ਰਤਿਸ਼ਠਾ ’ਤੇ ਇੱਕ ਲੱਖ (ਤਿੰਨ ਟਨ) ਮਹਾਪ੍ਰਸਾਦ (ਲੱਡੂ) ਵੰਡੇ ਜਾਣਗੇ। ਅੱਜ ਤਿਰੂਪਤੀ ਤੋਂ ਇਹ ਮਹਾਪ੍ਰਸਾਦ ਵਿਸ਼ੇਸ਼ ਜਹਾਜ਼ ਰਾਹੀਂ ਅਯੁੱਧਿਆ ਹਵਾਈ ਅੱਡੇ ਪਹੁੰਚੇਗਾ।
ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਦੀ ਅਪਾਰ ਖੁਸ਼ੀ ਦਾ ਪ੍ਰਤੀਕ ਦਸ਼ਰਥ ਦੀਵਾ ਸ਼ੁੱਕਰਵਾਰ ਨੂੰ ਦਿਨ ਢਲਦਿਆਂ ਹੀ ਜਗਾ ਦਿੱਤਾ ਗਿਆ। ਤਪਸਵੀ ਛਾਉਣੀ ਦੇ ਤੁਲਸੀਬਾੜੀ ਪਰਿਸਰ ਵਿੱਚ ਲਗਾਏ ਗਏ ਇਸ ਦੀਵੇ ਦਾ ਘੇਰਾ ਤਿੰਨ ਸੌ ਫੁੱਟ ਹੈ। ਇਸ ਵਿੱਚ 21 ਹਜ਼ਾਰ ਲੀਟਰ ਤੇਲ ਦੇ ਨਾਲ-ਨਾਲ 1.25 ਕੁਇੰਟਲ ਕਪਾਹ ਦੀ ਬੱਤੀ ਦੀ ਵਰਤੋਂ ਕੀਤੀ ਗਈ। ਇਸ ਮੌਕੇ ਕਾਸ਼ੀ ਦੇ ਸੁਮੇਰੂ ਪੀਠਾਧੀਸ਼ਵਰ ਸ਼ੰਕਰਾਚਾਰੀਆ ਸਵਾਮੀ ਨਰੇਂਦਰਨੰਦ ਸਰਸਵਤੀ ਸਮੇਤ ਵੱਡੀ ਗਿਣਤੀ ‘ਚ ਸੰਤ ਅਤੇ ਸ਼ਰਧਾਲੂ ਮੌਜੂਦ ਸਨ।
ਰਾਮ ਲੱਲਾ ਦੀ ਨਵੀਂ ਮੂਰਤੀ ਦੀਆਂ ਅੱਖਾਂ ਫਿਲਹਾਲ ਢੱਕੀਆਂ ਹੋਈਆਂ ਹਨ। ਇਨ੍ਹਾਂ ਨੂੰ 22 ਜਨਵਰੀ ਨੂੰ ਖੋਲ੍ਹਿਆ ਜਾਵੇਗਾ। ਫਿਲਹਾਲ ਰਾਮ ਲੱਲਾ ਸਿਰਫ ਮੇਵੇ ਹੀ ਖਾਣਗੇ। 22 ਜਨਵਰੀ ਨੂੰ ਉਨ੍ਹਾਂ ਨੂੰ ਛਪੰਜਾ ਭੋਗ ਲਗਾਏ ਜਾਣਗੇ। ਅੱਜ ਰਾਮ ਲੱਲਾ ਵਿਰਾਜਮਾਨ ਵੀ ਲੱਕੜ ਦੇ ਮੰਦਿਰ ਤੋਂ ਨਵੇਂ ਵਿਸ਼ਾਲ ਮੰਦਿਰ ਆ ਜਾਣਗੇ। ਉਨ੍ਹਾਂ ਲਈ ਪਹਿਲਾਂ ਹੀ ਜਗ੍ਹਾ ਬਣਾਈ ਜਾ ਚੁੱਕੀ ਹੈ। ਅੱਜ ਨਵੀਂ ਮੂਰਤੀ ਨੂੰ ਕਮਲ ਦੇ ਫੁੱਲਾਂ ਨਾਲ ਵਿਰਾਜਮਾਨ ਕੀਤਾ ਜਾਵੇਗਾ ਅਤੇ ਮੰਦਰ ਨੂੰ 81 ਕਲਸ਼ਾਂ ਦੇ ਜਲ ਨਾਲ ਸ਼ੁੱਧ ਕੀਤਾ ਜਾਵੇਗਾ। ਸਮਾਗਮਾਂ ਦੇ ਪੰਜਵੇਂ ਦਿਨ ਅੱਜ ਰੋਜ਼ਾਨਾ ਪੂਜਨ, ਹਵਨ ਪਰਾਯਣ ਦੇ ਨਾਲ ਭਗਵਾਨ ਰਾਮ ਦੇ ਪੰਜ ਅਧਿਵਾਸ ਸ਼ੁਰੂ ਹੋਣਗੇ। ਭਗਵਾਨ ਨੂੰ ਸ਼ਕੱਰ, ਫਲ, ਪ੍ਰਸ਼ਾਦ, ਪਿੰਡ ਅਤੇ ਫੁੱਲਾਂ ’ਚ ਰੱਖਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
