ਨਵੀਂ ਦਿੱਲੀ, 16 ਅਕਤੂਬਰ (ਹਿ. ਸ.)। ਫੌਜ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ, ਇਸ ਲਈ ਫੌਜੀ ਪ੍ਰੋਟੋਕੋਲ ਦੇ ਅਨੁਸਾਰ ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਉਨ੍ਹਾਂ ਨੂੰ ਫੌਜੀ ਸਨਮਾਨ ਨਹੀਂ ਦਿੱਤਾ ਗਿਆ। ਵਰਨਣਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਦੇ ਕੋਟਲੀ ਕਲਾਂ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਕ ਬਹਿਸ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਗਹਂ ਕਿ ਦੇਸ਼ ਦੇ ਪਹਿਲੇ ਅਗਨੀਵੀਰ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ ਗਿਆ।
ਆਮ ਆਦਮੀ ਪਾਰਟੀ ਤੋਂ ਲੈ ਕੇ ਮੀਡੀਆ ਅਤੇ ਸੋਸ਼ਲ ਮੀਡੀਆ ਤੋਂ ਲੈ ਕੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਤੱਕ ਇਹ ਪ੍ਰਚਾਰ ਕਰਨ ਦਾ ਕੰਮ ਕੀਤਾ ਕਿ ਅੰਮ੍ਰਿਤਪਾਲ ਸਿੰਘ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਨਹੀਂ ਦਿੱਤੀ ਗਈ ਕਿਉਂਕਿ ਉਹ ਅਗਨੀਵੀਰ ਦੀ ਨਵੀਂ ਫੌਜ ਭਰਤੀ ਯੋਜਨਾ ਅਧੀਨ ਭਰਤੀ ਹੋਏ ਸਨ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਪਣੇ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕਰਦਿਆਂ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ।
ਫੌਜ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਸਿੰਘ, ਜੋ ਕਿ 10 ਜੈਕ ਰਿਫ (ਜੰਮੂ ਅਤੇ ਕਸ਼ਮੀਰ ਲਾਈਟ ਇਨਫੈਂਟਰੀ) ਵਿੱਚ ਸੰਤਰੀ ਵਜੋਂ ਭਰਤੀ ਹੋਏ ਸੀ, ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਲਈ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਫੌਜੀ ਸਨਮਾਨ ਨਹੀਂ ਦਿੱਤਾ ਗਿਆ ਕਿਉਂਕਿ ਆਤਮ-ਹੱਤਿਆ ਨਾਲ ਹੋਈ ਸੱਟ ਕਾਰਨ ਮੌਤ ਨੂੰ ਸ਼ਹੀਦੀ ਦਾ ਸਨਮਾਨ ਨਹੀਂ ਦਿੱਤਾ ਜਾਂਦਾ। ਫੌਜ ਵੱਲੋਂ ਜਾਰੀ ਬਿਆਨ ਵਿੱਚ ਜ਼ੋਰਦਾਰ ਢੰਗ ਨਾਲ ਕਿਹਾ ਗਿਆ ਹੈ ਕਿ ਫੌਜ ਇਸ ਆਧਾਰ ‘ਤੇ ਸਿਪਾਹੀਆਂ ਵਿੱਚ ਵਿਤਕਰਾ ਨਹੀਂ ਕਰਦੀ ਹੈ ਕਿ ਉਹ ਅਗਨੀਪਥ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਭਰਤੀ ਹੋਏ ਸਨ।
ਅੰਮ੍ਰਿਤਪਾਲ ਸਿੰਘ ਦੀ ਮੌਤ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਫੌਜ ਦੇ ਨਗਰੋਟਾ ਹੈੱਡਕੁਆਰਟਰ ਨੇ ਪਹਿਲਾਂ ਵੀ ਕਿਹਾ ਸੀ ਕਿ ਰਾਜੌਰੀ ਸੈਕਟਰ ‘ਚ ਸੰਤਰੀ ਡਿਊਟੀ ‘ਤੇ ਤਾਇਨਾਤ ਸੰਤਰੀ ਅੰਮ੍ਰਿਤਪਾਲ ਸਿੰਘ ਦੀ ਮੌਤ ਖੁਦ ਦੀ ਲੱਗੀ ਗੋਲੀ ਨਾਲ ਹੋਈ ਸੀ। ਇਸ ਨਾਲ ਫੈਲੇ ਭੰਬਲਭੂਸੇ ਨੂੰ ਦੂਰ ਕਰਦਿਆਂ ਫੌਜ ਨੇ ਫਿਰ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਪਰਿਵਾਰ ਅਤੇ ਭਾਰਤੀ ਫੌਜ ਲਈ ਬਹੁਤ ਵੱਡਾ ਘਾਟਾ ਹੈ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।
ਫੌਜ ਨੇ ਸਪੱਸ਼ਟ ਕੀਤਾ ਹੈ, ਮੌਜੂਦਾ ਪ੍ਰਬੰਧਾਂ ਦੇ ਅਨੁਸਾਰ, ਮੈਡੀਕਲ-ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ, ਫੌਜ ਦੇ ਪ੍ਰਬੰਧਾਂ ਦੇ ਤਹਿਤ ਇੱਕ ਐਸਕਾਰਟ ਪਾਰਟੀ ਦੇ ਨਾਲ ਸਸਕਾਰ ਲਈ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਅਸਲ ਸਥਾਨ ‘ਤੇ ਲਿਜਾਇਆ ਗਿਆ ਸੀ। ਫੌਜ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਹਥਿਆਰਬੰਦ ਬਲਾਂ ਵਿੱਚ ਸ਼ਹੀਦ ਹੋਣ ਵਾਲਿਆਂ ਨੂੰ ਮਿਲਣ ਵਾਲੇ ਲਾਭ ਅਤੇ ਗਾਰਡ ਆਫ ਆਨਰ ਦੇ ਸਬੰਧ ਵਿੱਚ ਅਗਨੀਪੱਥ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਸ਼ਾਮਲ ਹੋਣ ਵਾਲੇ ਸੈਨਿਕਾਂ ਕੋਈ ਫਰਕ ਨਹੀਂ ਕਰਦੀ ਹੈ।
ਫੌਜ ਦੇ ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 1967 ਦੇ ਪ੍ਰਚਲਿਤ ਆਰਮੀ ਆਰਡਰ ਦੇ ਅਨੁਸਾਰ, ਆਤਮ ਹੱਤਿਆ ਕਰਨ ਵਾਲੇ ਸੈਨਿਕਾਂ ਨੂੰ ਫੌਜੀ ਅੰਤਿਮ ਸੰਸਕਾਰ ਦਾ ਅਧਿਕਾਰ ਨਹੀਂ ਹੈ। ਇਹ ਸਪੱਸ਼ਟ ਹੈ ਕਿ ਜੇਕਰ ਕਿਸੇ ਫੌਜੀ ਕੋਰ ਦਾ ਕੋਈ ਵੀ ਜਵਾਨ ਮੰਦਭਾਗੀ ਹਾਲਾਤਾਂ ਵਿੱਚ ਖੁਦਕੁਸ਼ੀ ਵਰਗਾ ਕਦਮ ਚੁੱਕਦਾ ਹੈ ਤਾਂ ਉਸ ਨੂੰ ਸ਼ਹੀਦਾਂ ਵਾਂਗ ਫੌਜੀ ਸਨਮਾਨ ਨਹੀਂ ਦਿੱਤਾ ਜਾਂਦਾ। ਫੌਜ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਭੇਦਭਾਵ ਦੇ ਇਸ ਵਿਸ਼ੇ ‘ਤੇ ਲਗਾਤਾਰ ਪਾਲਣਾ ਕੀਤੀ ਜਾ ਰਹੀ ਹੈ।
ਸਥਿਤੀ ਨੂੰ ਹੋਰ ਸਪੱਸ਼ਟ ਕਰਦੇ ਹੋਏ, ਫੌਜ ਨੇ ਕਿਹਾ, ਅੰਕੜਿਆਂ ਦੇ ਅਨੁਸਾਰ, 2001 ਤੋਂ ਬਾਅਦ ਔਸਤਨ 100-140 ਸੈਨਿਕਾਂ ਦਾ ਸਲਾਨਾ ਨੁਕਸਾਨ ਹੋਇਆ ਹੈ, ਜਿੱਥੇ ਮੌਤਾਂ ਆਤਮ-ਹੱਤਿਆ/ਸਵੈ-ਮਾਰੂ ਸੱਟਾਂ ਕਾਰਨ ਹੋਈਆਂ, ਅਜਿਹੇ ਮਾਮਲਿਆਂ ਵਿੱਚ ਫੌਜੀ ਅੰਤਿਮ ਸੰਸਕਾਰ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇੱਥੇ ਇਹ ਵੀ ਸਪੱਸ਼ਟ ਹੈ ਕਿ ਯੋਗਤਾ ਅਨੁਸਾਰ ਵਿੱਤੀ ਸਹਾਇਤਾ ਅਤੇ ਰਾਹਤ ਦੀ ਵੰਡ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਸ ’ਚ ਅੰਤਿਮ ਸੰਸਕਾਰ ਲਈ ਫੌਰੀ ਵਿੱਤੀ ਰਾਹਤ ਵੀ ਸ਼ਾਮਲ ਹੈ।
ਅਗਨੀਵੀਰ ਯੋਜਨਾ ਤਹਿਤ ਭਰਤੀ ਅੰਮ੍ਰਿਤਪਾਲ ਸਿੰਘ ਦੇ ਅੰਤਿਮ ਸਸਕਾਰ ਦਾ ਵਿਸ਼ਾ ਚਰਚਾ ਵਿੱਚ ਆਉਣ ਅਤੇ ਇਸ ਤੋਂ ਪੈਦਾ ਹੋਏ ਨਾਂਹ-ਪੱਖੀ ਮਾਹੌਲ ਤੋਂ ਬਾਅਦ ਫੌਜ ਨੂੰ ਅੱਗੇ ਆ ਕੇ ਇਹ ਬਿਆਨ ਦੇਣਾ ਪਿਆ ਹੈ। ਫੌਜ ਦਾ ਕਹਿਣਾ ਹੈ ਕਿ ਉਹ ਆਤਮ ਹੱਤਿਆ ਕਰਨ ਵਾਲੇ ਸੈਨਿਕਾਂ ਬਾਰੇ ਪੂਰਾ ਸਪੱਸ਼ਟੀਕਰਨ ਨਹੀਂ ਦਿੰਦੀ ਕਿਉਂਕਿ ਇਸ ਨਾਲ ਉਸਦੀ ਸਾਖ ਨੂੰ ਢਾਹ ਲੱਗਦੀ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਮਾਣ-ਸਨਮਾਨ ਨੂੰ ਬਰਕਰਾਰ ਰੱਖਣ ਲਈ ਮੌਤ ਦੇ ਕਾਰਨ ਨੂੰ ਜਨਤਕ ਨਹੀਂ ਕਰਦੇ ਅਤੇ ਇਸ ਨੂੰ ਗੁਪਤ ਰੱਖਦੇ ਹਾਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
