ਚੰਡੀਗੜ੍ਹ, 14 ਦਸੰਬਰ (ਹਿ. ਸ.)। ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀਆਂ ਲਈ ਮੁਆਫ਼ੀ ਮੰਗੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮਰਹੂਮ ਬਾਦਲ ਸਾਰੀ ਉਮਰ ਪਛਤਾਉਂਦੇ ਰਹੇ ਹਨ ਕਿ ਬੇਅਦਬੀਆਂ ਉਨ੍ਹਾਂ ਦੇ ਮੁੱਖ ਮੰਤਰੀ ਰਹਿੰਦਿਆਂ ਹੋਈਆਂ, ਉਨ੍ਹਾਂ ਨੂੰ ਕੇਸ ਸੀਬੀਆਈ ਨੂੰ ਸੌਂਪਣਾ ਪਿਆ। ਉਹ ਖੁਦ ਦੋਸ਼ੀਆਂ ਨੂੰ ਫੜ ਨਹੀਂ ਸਕੇ।
ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰਧਾਨ ਅਤੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਅਸੀਂ ਹਾਜ਼ਰ ਹਾਂ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮੁਆਫ਼ੀ ਮੰਗਦਾ ਹਾਂ ਕਿ ਸਾਡੀ ਸਰਕਾਰ ਦੌਰਾਨ ਜੇਕਰ ਕਿਸੇ ਦਾ ਵੀ, ਸਰਕਾਰ ਜਾਂ ਸਰਕਾਰ ਤੋਂ ਬਿਨਾਂ, ਦੁਖ ਜਾਂ ਦਿਲ ਦੁਖਾਇਆ ਹੈ ਤਾਂ ਅਸੀਂ ਮੁਆਫ਼ੀ ਮੰਗਦੇ ਹਾਂ। ਸਾਡੇ ਸ਼ਾਸਨ ਦੌਰਾਨ ਹੋਈ ਬੇਅਦਬੀ ਲਈ ਅਸੀਂ ਮੁਆਫੀ ਮੰਗਦੇ ਹਾਂ। ਅਸੀਂ ਦੋਸ਼ੀ ਨੂੰ ਨਹੀਂ ਫੜ ਸਕੇ, ਉਸ ਲਈ ਵੀ ਮੁਆਫ਼ੀ। ਅਸਲ ਦੋਸ਼ੀਆਂ ਅਤੇ ਸਿਆਸਤਦਾਨਾਂ ਦੇ ਚਿਹਰਿਆਂ ਨੂੰ ਵੀ ਕੌਮ ਦੇ ਸਾਹਮਣੇ ਲਿਆਂਵਾਂਗੇ।
ਸੁਖਬੀਰ ਬਾਦਲ ਨੇ ਕਿਹਾ- ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੁਖੀ ਸਨ ਕਿ ਉਨ੍ਹਾਂ ਨੂੰ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ। ਤਾਕਤਾਂ ਇਸ ਤਰ੍ਹਾਂ ਇਕੱਠੀਆਂ ਹੋਈਆਂ ਅਤੇ ਰਾਜਨੀਤੀ ਹੋਈ। ਸਾਰਿਆਂ ਨੇ ਇਕੱਠੇ ਹੋ ਕੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾਇਆ। ਅਜਿਹਾ ਦਬਾਅ ਪਾਇਆ ਗਿਆ ਕਿ ਕੇਸ ਸੀਬੀਆਈ ਨੂੰ ਸੌਂਪਣਾ ਪਿਆ ਅਤੇ ਅਕਾਲੀ ਦਲ ਇਸ ਦੀ ਜਾਂਚ ਨਾ ਕਰ ਸਕਿਆ। ਬੇਅਦਬੀ ਵੇਲੇ ਸਾਰੇ ਅਕਾਲੀ ਦਲ ਅਤੇ ਬਾਦਲ ਬਾਦਲ ਕਰਦੇ ਰਹੇ। ਬਾਦਲ ਨੇ ਕਿਹਾ ਕਿ ਦੂਜੀਆਂ ਸਰਕਾਰਾਂ ਦੇ ਸਮੇਂ ਜਦੋਂ ਹਰਿਮੰਦਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਪਟਿਆਲਾ ’ਚ ਬੇਅਦਬੀ ਹੋਈ ਤਾਂ ਕਿਸੇ ਨੇ ਆਵਾਜ਼ ਨਹੀਂ ਉਠਾਈ। ਜਦੋਂ 10-11 ਥਾਵਾਂ ‘ਤੇ ਬੇਅਦਬੀ ਹੋਈ ਤਾਂ ਕਿਸੇ ਕੋਲ ਜਾ ਕੇ ਦੇਖਣ ਦਾ ਸਮਾਂ ਨਹੀਂ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ 1984 ‘ਚ ਦਰਬਾਰ ਸਾਹਿਬ ‘ਤੇ ਹਮਲਾ ਹੋਇਆ। ਹਜ਼ਾਰਾਂ ਦਾ ਕਤਲੇਆਮ ਕੀਤਾ ਗਿਆ, ਪਰ ਅਸੀਂ ਵਾਰ-ਵਾਰ ਉਸ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਅਤੇ ਇਸ ਨੇ ਹਮੇਸ਼ਾ ਸਾਡੇ ‘ਤੇ ਵਾਰ ਕੀਤਾ। ਪਾਣੀਆਂ ਦਾ ਮੁੱਦਾ ਉਠਾਉਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਪੰਜਾਬ ’ਚ ਰਾਜਨੀਤੀ ਨਹੀਂ ਕੀਤੀ, ਹਮੇਸ਼ਾ ਪੰਜਾਬ ਦੀ ਲੜਾਈ ਲੜੀ ਹੈ। ਪਹਿਲਾਂ ਸਿਆਸਤਦਾਨਾਂ ਨੇ ਬਿਨਾਂ ਸੋਚੇ ਸਮਝੇ ਪੰਜਾਬ ਦਾ 50 ਫੀਸਦੀ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਜਦੋਂ ਹਰਿਆਣਾ ਬਣਿਆ ਤਾਂ 25 ਫੀਸਦੀ ਬਾਕੀ ਬਚਦਾ ਪਾਣੀ ਫਿਰ ਦਿੱਤਾ ਗਿਆ। ਹੁਣ ਸਿਰਫ਼ ਪੰਜਾਬ ਆਪਣੇ 25 ਫ਼ੀਸਦੀ ਪਾਣੀ ਦੀ ਹੀ ਵਰਤੋਂ ਕਰ ਸਕਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
