ਵਾਸ਼ਿੰਗਟਨ, 05 ਅਕਤੂਬਰ (ਹਿ. ਸ.)। ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਵਿਵੇਕ ਰਾਮਾਸਵਾਮੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇੱਕ ਦੁਸ਼ਟ ਤਾਨਾਸ਼ਾਹ ਹਨ ਤਾਂ ਜ਼ੇਲੇਂਸਕੀ ਵੀ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਨੇ ਯੂਕਰੇਨ ‘ਚ ਚੋਣਾਂ ਕਰਵਾਉਣ ਲਈ ਅਮਰੀਕਾ ਤੋਂ ਫੰਡ ਮੰਗਣ ਦੇ ਮੁੱਦੇ ‘ਤੇ ਯੂਕ੍ਰੇਨ ਦੇ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਹੈ।
ਭਾਰਤੀ ਮੂਲ ਦੇ ਉੱਦਮੀ ਵਿਵੇਕ ਰਾਮਾਸਵਾਮੀ ਨੇ ਇੱਕ ਇੰਟਰਵਿਊ ਵਿੱਚ ਇੱਕ ਵਾਰ ਫਿਰ ਕਿਹਾ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਵਿੱਚ ਕਟੌਤੀ ਕਰ ਦੇਣਗੇ। ਉਨ੍ਹਾਂ ਨੇ ਕਿਹਾ, ‘ਮੈਨੂੰ ਤੁਸ਼ਟੀਕਰਨ ਤੋਂ ਸਮੱਸਿਆ ਹੈ। ਮੈਂ ਇਸ ਬਾਰੇ ਸਪੱਸ਼ਟ ਰਹਿੰਦਾ ਚਾਹੁੰਦਾ ਹਾਂ ਕਿ ਸਾਨੂੰ ਅਮਰੀਕੀ ਲੋਕਾਂ ਨੂੰ ਸੱਚ ਦੱਸਣਾ ਚਾਹੀਦਾ ਹੈ। ਭਾਵੇਂ ਪੁਤਿਨ ਇੱਕ ਦੁਸ਼ਟ ਤਾਨਾਸ਼ਾਹ ਹੈ, ਜੋ ਕਿ ਉਹ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਯੂਕ੍ਰੇਨ ਚੰਗਾ ਹੈ। ਯੂਕ੍ਰੇਨ ਉਹ ਦੇਸ਼ ਹੈ ਜਿੱਥੇ 11 ਵਿਰੋਧੀ ਪਾਰਟੀਆਂ ‘ਤੇ ਪਾਬੰਦੀ ਲਗਾਈ ਗਈ। ਨਾਲ ਹੀ ਸਾਰੇ ਮੀਡੀਆ ਨੂੰ ਇੱਕ ਸਰਕਾਰੀ ਮੀਡੀਆ ਵਿੱਚ ਮਿਲਾ ਦਿੱਤਾ ਗਿਆ। ਉੱਥੋਂ ਦੇ ਰਾਸ਼ਟਰਪਤੀ ਨੇ ਇੱਕ ਹਫ਼ਤਾ ਪਹਿਲਾਂ ਹੀ ਇੱਕ ਨਾਜ਼ੀ ਦੀ ਤਾਰੀਫ਼ ਕੀਤੀ ਸੀ ਅਤੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਉਸਨੂੰ ਹੋਰ ਫੰਡ ਨਹੀਂ ਦਿੰਦਾ ਤਾਂ ਉਹ ਯੂਕ੍ਰੇਨ ਵਿੱਚ ਆਮ ਚੋਣਾਂ ਨਹੀਂ ਕਰਵਾ ਸਕਣਗੇ। ਇਹ ਸਭ ਅਸਵੀਕਾਰਨਯੋਗ ਹੈ।
ਵਿਵੇਕ ਰਾਮਾਸਵਾਮੀ ਨੇ ਆਪਣੀ ਚੋਣ ਮੁਹਿੰਮ ‘ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਪਾਰਟੀ ਦਾ ਉਮੀਦਵਾਰ ਬਣਨ ਵੱਲ ਵਧ ਰਹੇ ਹਨ। ਛੇ ਮਹੀਨੇ ਪਹਿਲਾਂ ਦੇਸ਼ ਦੇ ਜ਼ਿਆਦਾਤਰ ਲੋਕ ਉਨ੍ਹਾਂ ਬਾਰੇ ਨਹੀਂ ਜਾਣਦੇ ਸਨ ਪਰ ਹੁਣ ਉਹ ਕਈ ਮਾਮਲਿਆਂ ਵਿਚ ਤੀਜੇ-ਚੌਥੇ ਸਥਾਨ ‘ਤੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਆਪਣੀ ਮੁਹਿੰਮ ਵਿਚ ਤਰੱਕੀ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੁਹਿੰਮ ਉਨ੍ਹਾਂ ਜਾਂ ਟਰੰਪ ਬਾਰੇ ਨਹੀਂ ਹੈ, ਸਗੋਂ ਇਹ ਅਮਰੀਕਾ ਬਾਰੇ ਹੈ। ਰਾਮਾਸਵਾਮੀ ਨੇ ਕਿਹਾ ਕਿ ਉਹ ਦੇਸ਼ ਦੇ ਨੌਜਵਾਨਾਂ ਤੱਕ ਪਹੁੰਚ ਕਰਨਾ ਚਾਹੁੰਦੇ ਹਨ ਤਾਂ ਜੋ 16 ਸਾਲ ਤੱਕ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਲਈ ਨੀਤੀਆਂ ਬਣਾਈਆਂ ਜਾ ਸਕਣ। ਅਮਰੀਕਾ ਨੂੰ ਅਜਿਹੀ ਚਰਚਾ ਕਰਨੀ ਪਵੇਗੀ ਤਾਂ ਜੋ ਉਹ ਚੀਨ ਤੋਂ ਆਰਥਿਕ ਆਜ਼ਾਦੀ ਹਾਸਲ ਕਰ ਸਕੇ। ਹੁਣ ਵ੍ਹਾਈਟ ਹਾਊਸ ’ਚ ਇੱਕ ਸੀਈਓ ਨਿਯੁਕਤ ਕਰਨ ਦਾ ਸਮਾਂ ਆ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
