ਕੀਵ, 06 ਅਪ੍ਰੈਲ । ਰੂਸ ਅਤੇ ਯੂਕ੍ਰੇਨ ਵਿਚਾਲੇ ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਜੰਗ ਦੇ ਵਿਚਕਾਰ ਯੂਕ੍ਰੇਨ ਨੇ ਰੂਸ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਯੂਕ੍ਰੇਨ ਨੇ ਰੂਸੀ ਸਰਹੱਦ ਦੇ ਰੋਸਟੋਵ ਖੇਤਰ ਵਿੱਚ 53 ਡਰੋਨਾਂ ਨਾਲ ਹਮਲਾ ਕੀਤਾ, ਜਿਸ ਨੂੰ ਯੂਕ੍ਰੇਨ ਵੱਲੋਂ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉੱਥੇ ਹੀ ਰੂਸ ਨੇ ਵੀਰਵਾਰ ਨੂੰ ਯੂਕ੍ਰੇਨ ਦੇ ਖਾਰਕਿਵ ਇਲਾਕੇ ‘ਤੇ ਡਰੋਨ ਨਾਲ ਹਮਲਾ ਕੀਤਾ। ਹਮਲੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਰੂਸੀ ਫੌਜ ਨੇ ਸਾਰੇ ਡਰੋਨਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚੋਂ 44 ਡਰੋਨਾਂ ਨੂੰ ਮੋਰੋਜ਼ੋਵਸਕੀ ’ਚ ਮਾਰਿਆ ਗਿਆ। ਰੋਸਟੋਵ ਦੇ ਗਵਰਨਰ ਨੇ ਕਿਹਾ ਕਿ ਹਮਲੇ ਵਿੱਚ ਇੱਕ ਪਾਵਰ ਸਬਸਟੇਸ਼ਨ ਨੂੰ ਨੁਕਸਾਨ ਪਹੁੰਚਿਆ ਹੈ। ਯੂਕ੍ਰੇਨ ਦੇ ਅਧਿਕਾਰੀਆਂ ਵੱਲੋਂ ਇਸ ਸਬੰਧ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਰੂਸੀ ਮੀਡੀਆ ਵੱਲੋਂ ਕਿਹਾ ਗਿਆ ਹੈ ਕਿ ਮੋਰੋਜ਼ੋਵਸਕੀ ਦੇ ਕੋਲ ਮਿਲਟਰੀ ਏਅਰਫੀਲਡ ਸਥਿਤ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਮਿਲਟਰੀ ਏਅਰਫੀਲਡ ਸੀ ਜਾਂ ਨਹੀਂ। ਉੱਥੇ ਹੀ, ਰੂਸੀ ਰੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਨੌਂ ਹੋਰ ਡਰੋਨਾਂ ਨੂੰ ਰੂਸ ਦੇ ਸਰਹੱਦੀ ਖੇਤਰਾਂ ਕੁਰਸਕ, ਬੇਲਗੋਰੋਡ, ਕ੍ਰਾਸਨੋਦਰ ਅਤੇ ਨੇੜੇ ਸਾਰਾਤੋਵ ’ਚ ਇੰਟਰਸੈਪਟ ਕਰ ਲਿਆ ਗਿਆ। ਸਾਰਾਤੋਵ ਖੇਤਰ ਵਿੱਚ ਰੂਸੀ ਬੰਬਾਰੀ ਵਾਲੇ ਜਹਾਜ਼ਾਂ ਦਾ ਏਅਰਬੇਸ ਸਥਿਤ ਹੈ। ਰੂਸ ਨੇ ਵੀਰਵਾਰ ਨੂੰ ਯੂਕ੍ਰੇਨ ਦੇ ਖਾਰਕਿਵ ਇਲਾਕੇ ‘ਤੇ ਡਰੋਨ ਨਾਲ ਹਮਲਾ ਕੀਤਾ। ਹਮਲੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਹਮਲੇ ‘ਚ 12 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਜਾਮੀਵਸਕਾ ਥਰਮਲ ਪਾਵਰ ਪਲਾਂਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਖਾਰਕਿਵ ਇਲਾਕੇ ਦੇ ਕਰੀਬ 3,50,000 ਲੋਕਾਂ ਦੇ ਘਰ ਹਨੇਰੇ ਵਿੱਚ ਛਾ ਗਏ। ਯੂਕ੍ਰੇਨ ਦੇ ਛੇ ਖੇਤਰਾਂ ਵਿੱਚ ਬਿਜਲੀ ਸਪਲਾਈ ਦੌਰਾਨ ਕੁਝ ਕੱਟ ਲਗਾਉਣੇ ਪਏ। ਹਮਲੇ ਵਿੱਚ 15 ਡਰੋਨਾਂ ਦੀ ਵਰਤੋਂ ਕੀਤੀ ਗਈ ਸੀ। ਨਾਟੋ ਦੇ ਸਹਿਯੋਗੀ ਵੀਰਵਾਰ ਨੂੰ ਰੂਸੀ ਬੈਲਿਸਟਿਕ ਮਿਜ਼ਾਈਲਾਂ ਤੋਂ ਬਚਾਅ ਲਈ ਯੂਕ੍ਰੇਨ ਨੂੰ ਹੋਰ ਹਵਾਈ ਰੱਖਿਆ ਪ੍ਰਣਾਲੀ ਪ੍ਰਦਾਨ ਕਰਨ ਲਈ ਸਹਿਮਤ ਹੋਏ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਇਹ ਉਦੋਂ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਚੀਨ, ਉੱਤਰੀ ਕੋਰੀਆ ਅਤੇ ਈਰਾਨ ਵਰਗੇ ਦੇਸ਼ ਰੂਸ ਦਾ ਸਮਰਥਨ ਕਰ ਰਹੇ ਹਨ।
