ਵਾਸ਼ਿੰਗਟਨ, 20 ਅਕਤੂਬਰ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵੀਰਵਾਰ ਨੂੰ ਫਿਲੀਸਤੀਨ ਦੇ ਨਾਮੀ ਅੱਤਵਾਦੀ ਸੰਗਠਨ ਹਮਾਸ ਅਤੇ ਰੂਸ ਨੂੰ ਲੋਕਤੰਤਰ ਦਾ ਦੁਸ਼ਮਣ ਦੱਸਿਆ ਹੈ। ਓਵਲ ਆਫਿਸ ਤੋਂ ਰਾਸ਼ਟਰ ਨੂੰ ਦਿੱਤੇ ਟੈਲੀਵਿਜ਼ਨ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਹਮਾਸ ਅਤੇ ਰੂਸ ਦੋਵੇਂ ਲੋਕਤੰਤਰ ਨੂੰ ਤਬਾਹ ਕਰਨ ‘ਤੇ ਤੁਲੇ ਹੋਏ ਹਨ। ਬਿਡੇਨ ਨੇ ਯੂਕ੍ਰੇਨ ਅਤੇ ਇਜ਼ਰਾਈਲ ਨੂੰ ਅਮਰੀਕਾ ਦੇ ਹਿੱਤਾਂ ਲਈ ਮਹੱਤਵਪੂਰਨ ਦੱਸਿਆ ਅਤੇ ਦੋਵਾਂ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਗੱਲ ਕੀਤੀ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਬਿਡੇਨ ਨੇ ਕਿਹਾ ਕਿ ਹਮਾਸ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਖ-ਵੱਖ ਖਤਰਿਆਂ ਨੂੰ ਦਰਸਾਉਂਦੇ ਹਨ। ਪਰ ਦੋਹਾਂ ਦੀ ਨੀਅਤ ਇੱਕੋ ਹੈ। ਦੋਵੇਂ ਆਪਣੇ ਗੁਆਂਢੀ ਲੋਕਤੰਤਰ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਚਾਹੁੰਦੇ ਹਨ। ਬਿਡੇਨ ਨੇ ਕਿਹਾ ਕਿ ਅਮਰੀਕਾ ਇੱਕ ਮਹਾਨ ਰਾਸ਼ਟਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਅਮਰੀਕਾ ਹਮਾਸ ਵਰਗੇ ਅੱਤਵਾਦੀਆਂ ਅਤੇ ਪੁਤਿਨ ਵਰਗੇ ਤਾਨਾਸ਼ਾਹਾਂ ਨੂੰ ਜਿੱਤਣ ਦੀ ਇਜਾਜ਼ਤ ਨਹੀਂ ਦੇ ਸਕਦਾ।
ਬਿਡੇਨ ਨੇ ਕਿਹਾ ਕਿ ਉਨ੍ਹਾਂ ਲਈ ਬੰਧਕ ਬਣਾਏ ਗਏ ਅਮਰੀਕੀਆਂ ਦੀ ਸੁਰੱਖਿਆ ਤੋਂ ਉੱਚੀ ਕੋਈ ਤਰਜੀਹ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਫਿਲੀਸਤੀਨੀ ਅਥਾਰਟੀ ਦੇ ਪ੍ਰਧਾਨ ਅੱਬਾਸ ਨਾਲ ਵੀ ਗੱਲ ਕੀਤੀ ਅਤੇ ਦੁਹਰਾਇਆ ਕਿ ਸੰਯੁਕਤ ਰਾਜ ਫਿਲੀਸਤੀਨੀ ਲੋਕਾਂ ਦੇ ਸਨਮਾਨ ਅਤੇ ਸਵੈ-ਨਿਰਣੇ ਦੇ ਅਧਿਕਾਰ ਲਈ ਵਚਨਬੱਧ ਹੈ। ਬਿਡੇਨ ਨੇ ਇਜ਼ਰਾਈਲ ਅਤੇ ਯੂਕ੍ਰੇਨ ਦੇ ਸੰਦਰਭ ਵਿੱਚ ਈਰਾਨ ਦੀ ਭੂਮਿਕਾ ਦੀ ਆਲੋਚਨਾ ਕੀਤੀ।
