ਕੰਸਾਸ ਸਿਟੀ, 15 ਫਰਵਰੀ : ਸੰਯੁਕਤ ਰਾਜ ਅਮਰੀਕਾ ਦੇ ਮਿਸੌਰੀ ਦੇ ਕੰਸਾਸ ਸਿਟੀ ਵਿੱਚ ਬੁੱਧਵਾਰ ਨੂੰ ਸੁਪਰ ਬਾਊਲ ਦੀ ਜਿੱਤ ਦੇ ਜਸ਼ਨ ਸੋਗ ਵਿੱਚ ਬਦਲ ਗਏ। ਜਿੱਤ ਦੇ ਜਸ਼ਨ ’ਚ ਕੱਢੀ ਗਈ ਰੈਲ ਦੌਰਾਨ ਅਚਾਨਕ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ‘ਚ 9 ਬੱਚੇ ਵੀ ਸ਼ਾਮਲ ਹਨ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਘਟਨਾ ਕੰਸਾਸ ਸਿਟੀ ਦੇ ਯੂਨੀਅਨ ਸਟੇਸ਼ਨ ਨੇੜੇ ਵਾਪਰੀ। ਇੱਕ ਪਲ ਵਿੱਚ ਸੁਪਰ ਬਾਊਲ ਦੀ ਜਿੱਤ ਦਾ ਜਸ਼ਨ ਹਫੜਾ-ਦਫੜੀ ਦੇ ਦ੍ਰਿਸ਼ ਵਿੱਚ ਬਦਲ ਗਿਆ। ਕੰਸਾਸ ਸਿਟੀ ਪੁਲਿਸ ਦੇ ਮੁਖੀ ਸਟੈਸੀ ਗ੍ਰੇਵਜ਼ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਤਿੰਨਾਂ ਵਿੱਚੋਂ ਦੋ ਕੋਲੋ ਹਥਿਆਰ ਵੀ ਬਰਾਮਦ ਹੋਏ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀ ਕਿਉਂ ਚਲਾਈ ਗਈ।
ਚਿਲਡਰਨ ਮਰਸੀ ਹਸਪਤਾਲ ਨੇ ਦੱਸਿਆ ਕਿ ਉੱਥੇ 12 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ 11 ਬੱਚੇ ਹਨ। ਬੱਚਿਆਂ ਦੀ ਉਮਰ 6 ਤੋਂ 15 ਸਾਲ ਹੈ। ਹਸਪਤਾਲ ਦੇ ਬੁਲਾਰੇ ਸਟੀਫਨੀ ਮੇਅਰ ਨੇ ਕਿਹਾ ਕਿ ਨੌਂ ਬੱਚਿਆਂ ਨੂੰ ਗੋਲੀ ਲੱਗੀ ਹੈ। ਕਿਸੇ ਵੀ ਬੱਚੇ ਦੀ ਹਾਲਤ ਗੰਭੀਰ ਨਹੀਂ ਹੈ। ਕੁਝ ਜ਼ਖਮੀਆਂ ਨੂੰ ਯੂਨੀਵਰਸਿਟੀ ਹੈਲਥ ਐਂਡ ਟਰੂਮਨ ਮੈਡੀਕਲ ਸੈਂਟਰ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਰੈਲੀ ਵਿੱਚ ਕੰਸਾਸ ਸਿਟੀ ਅਤੇ ਮਿਸੌਰੀ ਦੇ ਗਵਰਨਰ ਸਮੇਤ ਅਧਿਕਾਰੀ ਸ਼ਾਮਲ ਸਨ। ਕੰਸਾਸ ਦੀ ਗਵਰਨਰ ਲੌਰਾ ਕੈਲੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮਿਸੌਰੀ ਦੇ ਗਵਰਨਰ ਮਾਈਕ ਪਾਰਸਨ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਸੁਰੱਖਿਅਤ ਹਨ। ਕੰਸਾਸ ਸਿਟੀ ਦੇ ਖਿਡਾਰੀਆਂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਕੁਆਰਟਰਬੈਕ ਪੈਟ੍ਰਿਕ ਮਾਹੋਮਜ਼, ਜਿਨ੍ਹਾਂ ਨੇ ਐਤਵਾਰ ਨੂੰ ਆਪਣੀ ਟੀਮ ਨੂੰ ਜਿੱਤ ਦਿਵਾਉਣ ਲਈ ਅਗਵਾਈ ਕੀਤੀ, ਨੇ ਕਿਹਾ ਕਿ ਉਹ ਕੰਸਾਸ ਸਿਟੀ ਲਈ ਪ੍ਰਾਰਥਨਾ ਕਰ ਰਹੇ ਹਨ।
