ਮਾਸਕੋ, 25 ਫਰਵਰੀ : ਰੂਸੀ ਵਿਰੋਧੀ ਧਿਰ ਦੇ ਨੇਤਾ ਅਤੇ ਰਾਸ਼ਟਰਪਤੀ ਪੁਤਿਨ ਦੇ ਅਲੋਚਕ ਅਲੈਕਸੀ ਨਵਲਨੀ ਦੀ ਲਾਸ਼ ਨੂੰ ਉਨ੍ਹਾਂ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਨਵਲਨੀ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਨਾ ਸੌਂਪਣ ਕਾਰਨ ਪੁਤਿਨ ਪ੍ਰਸ਼ਾਸਨ ਦੀ ਆਲੋਚਨਾ ਹੋ ਰਹੀ ਸੀ। ਨਵਲਨੀ ਦੀ 16 ਫਰਵਰੀ ਨੂੰ ਆਰਕਟਿਕ ਸਰਕਲ ਜੇਲ੍ਹ ਵਿੱਚ ਮੌਤ ਹੋ ਗਈ ਸੀ।
ਨਵਲਨੀ ਦੀ ਮੌਤ ਦੇ ਕਰੀਬ ਇੱਕ ਹਫ਼ਤੇ ਬਾਅਦ ਉਨ੍ਹਾਂ ਦੀ ਲਾਸ਼ ਉਨ੍ਹਾਂ ਦੀ ਮਾਂ ਲਿਊਦਮਿਲਾ ਨਵਲਨਿਆ ਨੂੰ ਸੌਂਪ ਦਿੱਤੀ ਗਈ ਹੈ। ਨਵਲਨੀ ਦੀ ਬੁਲਾਰਾ ਕਿਰਾ ਯਾਰਮੀਸ਼ ਨੇ ਸ਼ਨੀਵਾਰ ਨੂੰ ਐਕਸ ‘ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜੋ ਨਵਲਨੀ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪਣ ਦੀ ਮੰਗ ਕਰਨ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਲਿਖਿਆ ਹੈ ਕਿ ਨਵਲਨੀ ਦਾ ਅੰਤਿਮ ਸੰਸਕਾਰ ਹੋਣਾ ਬਾਕੀ ਹੈ।
ਨਵਲਨੀ ਦੇ ਮੌਤ ਸਰਟੀਫਿਕੇਟ ਵਿੱਚ ਮੌਤ ਦਾ ਕਾਰਨ ਕੁਦਰਤੀ ਦੱਸਿਆ ਗਿਆ ਹੈ। ਹਾਲਾਂਕਿ, ਨਵਲਨੀ ਦੀ ਜੇਲ੍ਹ ਵਿੱਚ ਮੌਤ ਦੇ ਤਰੀਕੇ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਨਵਲਨੀ ਦੀ ਪਤਨੀ ਯੂਲੀਆ ਨਵਲਨਾਯਾ ਨੇ ਵੀ ਇਸ ਸਬੰਧੀ ਗੰਭੀਰ ਦੋਸ਼ ਲਗਾਏ ਸਨ।
