ਮਾਸਕੋ, 19 ਫਰਵਰੀ । ਰੂਸ ਨੇ ਯੂਕ੍ਰੇਨ ਦੇ ਅਵਦੀਵਕਾ ਸ਼ਹਿਰ ’ਤੇ ਪੂਰਾ ਕੰਟਰੋਲ ਕਰ ਲਿਆ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨ ਨੇ ਪਿਛਲੇ 24 ਘੰਟਿਆਂ ਵਿੱਚ ਖੇਤਰ ਵਿੱਚ ਆਪਣੇ 1500 ਤੋਂ ਵੱਧ ਸੈਨਿਕਾਂ ਨੂੰ ਗੁਆ ਦਿੱਤਾ ਹੈ। ਰੂਸ ਨੇ ਲਗਭਗ 32 ਵਰਗ ਕਿਲੋਮੀਟਰ ਖੇਤਰ ’ਤੇ ਕਬਜ਼ਾ ਕਰ ਲਿਆ ਹੈ।
ਅਮਰੀਕੀ ਅਖਬਾਰ ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਸੰਘਰਸ਼ ‘ਚ ਯੂਕ੍ਰੇਨ ਦੀ ਫੌਜ ਨੂੰ ਅਵਦੀਵਕਾ ਸ਼ਹਿਰ ਤੋਂ ਪਿੱਛੇ ਹਟਣ ਲਈ ਮਜ਼ਬੂਰ ਹੋਣਾ ਪਿਆ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਅਵਦੀਵਕਾ ਸ਼ਹਿਰ ’ਤੇ ਕੰਟਰੋਲ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਜਿੱਤ ਲਈ ਆਪਣੇ ਸੈਨਿਕਾਂ ਦੀ ਤਾਰੀਫ ਕੀਤੀ ਹੈ।
ਦ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਐਂਡ੍ਰੀ ਮੋਰਡਵਿਚੇਵ ਦੀ ਅਗਵਾਈ ਹੇਠ ਫੌਜ ਨੇ ਇਹ ਸਫਲਤਾ ਹਾਸਲ ਕੀਤੀ ਹੈ। ਅਵਦੀਵਕਾ ਵਿੱਚ, ਯੂਕ੍ਰੇਨੀ ਝੰਡੇ ਨੂੰ ਰੂਸੀ ਝੰਡੇ ਨਾਲ ਬਦਲ ਦਿੱਤਾ ਗਿਆ ਹੈ। ਮਈ 2023 ਵਿੱਚ ਬਖਮੁਤ ਸ਼ਹਿਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਅਵਦੀਵਕਾ ’ਤੇ ਕਬਜ਼ਾ ਰੂਸ ਲਈ ਇੱਕ ਵੱਡੀ ਪ੍ਰਾਪਤੀ ਹੈ।
