ਵਾਸ਼ਿੰਗਟਨ, 21 ਫਰਵਰੀ: ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੂੰ ਅਮਰੀਕਾ ਦੇ ਵੱਕਾਰੀ ਮੈਗਜ਼ੀਨ ‘ਸ਼ਿਕਾਗੋ’ ਦੀਆਂ 50 ਸਭ ਤੋਂ ਪ੍ਰਭਾਵਸ਼ਾਲੀ ਸ਼ਿਕਾਗੋ ਵਾਸੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ‘ਚ ਕ੍ਰਿਸ਼ਨਾਮੂਰਤੀ 24ਵੇਂ ਸਥਾਨ ‘ਤੇ ਹਨ।
‘ਸ਼ਿਕਾਗੋ’ ਨੇ ਇਸ ਸੂਚੀ ਦਾ ਵੇਰਵਾ ਆਪਣੀ ਵੈੱਬਸਾਈਟ ‘ਤੇ ਜਾਰੀ ਕੀਤਾ ਹੈ। ਵੇਰਵਿਆਂ ਅਨੁਸਾਰ 50 ਸਾਲਾ ਰਾਜਾ ਕ੍ਰਿਸ਼ਨਾਮੂਰਤੀ ਸਭ ਤੋਂ ਉੱਚਾ ਦਰਜਾ ਹਾਸਲ ਕਰਨ ਵਾਲੇ ਦੱਖਣੀ ਏਸ਼ੀਆਈ ਮੂਲ ਦੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਸੂਚੀ ਵਿਚ ਇਲੀਨੋਇਸ ਦੇ ਗਵਰਨਰ ਜੇਬੀ ਪ੍ਰਿਟਜ਼ਕਰ ਸਭ ਤੋਂ ਉੱਪਰ ਅਤੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਨਸਨ ਦੂਜੇ ਸਥਾਨ ‘ਤੇ ਹਨ।
ਵੱਕਾਰੀ ਮੈਗਜ਼ੀਨ ‘ਸ਼ਿਕਾਗੋ’ ਅਮਰੀਕਾ ਦੇ ਇਲੀਨੋਇਸ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਸ਼ਿਕਾਗੋ ਤੋਂ ਪ੍ਰਕਾਸ਼ਿਤ ਹੁੰਦਾ ਹੈ। ਮੈਗਜ਼ੀਨ ਨੇ ਗ੍ਰੇਟਰ ਸ਼ਿਕਾਗੋ ਖੇਤਰ ਵਿੱਚ ਦੱਖਣ ਏਸ਼ੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਵਜੋਂ ਵਰਣਨ ਕਰਦੇ ਹੋਏ ਕ੍ਰਿਸ਼ਨਾਮੂਰਤੀ ਨੂੰ ਸੂਚੀ ਵਿੱਚ 24ਵਾਂ ਸਥਾਨ ਦਿੱਤਾ ਹੈ। ‘ਸ਼ਿਕਾਗੋ’ ਮੁਤਾਬਕ ਉਹ 2026 ‘ਚ ਅਮਰੀਕੀ ਸੰਸਦ ਦੀਆਂ ਚੋਣਾਂ ਲੜਨ ਦੀ ਵੀ ਤਿਆਰੀ ਕਰ ਰਹੇ ਹਨ।
ਇਹ ਦਾਅਵਾ ਕੀਤਾ ਗਿਆ ਹੈ ਕਿ ਕ੍ਰਿਸ਼ਨਾਮੂਰਤੀ ਕੋਲ ਆਪਣੇ ਪ੍ਰਚਾਰ ਫੰਡਾਂ ਵਿੱਚ 14.4 ਮਿਲੀਅਨ ਡਾਲਰ ਹਨ। ਇਹ ਰਕਮ ਕਿਸੇ ਵੀ ਇਲੀਨੋਇਸ ਕਾਂਗਰਸ ਦੇ ਪ੍ਰਤੀਨਿਧੀ ਨਾਲੋਂ ਤਿੰਨ ਗੁਣਾ ਵੱਧ ਹੈ। ਇੱਕ ਰਾਜਨੀਤਿਕ ਸਲਾਹਕਾਰ ਦਾ ਕਹਿਣਾ ਹੈ, ਰਾਜਾ ਬਹੁਤ ਪ੍ਰਭਾਵਸ਼ਾਲੀ ਹਨ। ਮੈਗਜ਼ੀਨ ਦੇ ਅਨੁਸਾਰ, ਕ੍ਰਿਸ਼ਨਾਮੂਰਤੀ ਨੇ 2022 ਵਿੱਚ ਡੈਮੋਕ੍ਰੇਟਿਕ ਉਮੀਦਵਾਰਾਂ ਅਤੇ ਡੈਮੋਕ੍ਰੇਟਿਕ ਕਾਂਗਰੇਸ਼ਨਲ ਕੈਂਪੇਨ ਕਮੇਟੀ ਨੂੰ 460,000 ਡਾਲਰ ਦਾਨ ਦਿੱਤਾ। ਕਿਹਾ ਜਾਂਦਾ ਹੈ ਕਿ ਉਹ 2026 ਵਿਚ ਸੈਨੇਟ ਦੀਆਂ ਚੋਣਾਂ ਲੜਨ ਲਈ ਆਪਣੀ ਮੁਹਿੰਮ ਲਈ ਨਕਦ ਇਕੱਠਾ ਕਰ ਰਹੇ ਹਨ।
