ਨਵੀਂ ਦਿੱਲੀ, 21 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਬੁੱਧਵਾਰ) ਰਾਸ਼ਟਰੀ ਰਾਜਧਾਨੀ ਵਿੱਚ ਤਿੰਨ ਦਿਨਾਂ ਨੌਵੇਂ ਰਾਇਸੀਨਾ ਡਾਇਲਾਗ ਦਾ ਉਦਘਾਟਨ ਕਰਨਗੇ। ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਯੂਨਾਨ ਦੇ ਪ੍ਰਧਾਨ ਮੰਤਰੀ ਕਾਯਰਿਯਾਕੋਸ ਮਿਤਸੋਤਾਕਿਸ ਹੋਣਗੇ। ਉਹ ਮੁੱਖ ਭਾਸ਼ਣ ਦੇਣਗੇ।
ਵਿਦੇਸ਼ ਮੰਤਰਾਲੇ ਨੇ ਨੌਵੇਂ ਰਾਇਸੀਨਾ ਡਾਇਲਾਗ ਦੇ ਉਦਘਾਟਨ ਦੀ ਪੂਰਵ ਸੰਧਿਆ ’ਤੇ ਜਾਰੀ ਇਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਐਕਸ ਹੈਂਡਲ ’ਤੇ ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਰਾਇਸੀਨਾ ਡਾਇਲਾਗ ਦਾ ਨੌਵਾਂ ਸੰਸਕਰਣ 23 ਫਰਵਰੀ ਨੂੰ ਸਮਾਪਤ ਹੋਵੇਗਾ। ਰਾਇਸੀਨਾ ਡਾਇਲਾਗ ਭੂ-ਰਾਜਨੀਤੀ ਅਤੇ ਭੂ-ਅਰਥ ਸ਼ਾਸਤਰ ’ਤੇ ਭਾਰਤ ਦਾ ਪ੍ਰਮੁੱਖ ਸੰਮੇਲਨ ਹੈ।
ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਮੰਚ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਸਭ ਤੋਂ ਚੁਣੌਤੀਪੂਰਨ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਇਸ ਵਿੱਚ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ, ਮੰਤਰੀ, ਸਾਬਕਾ ਰਾਸ਼ਟਰ ਪ੍ਰਮੁੱਖ ਅਤੇ ਸਰਕਾਰ ਦੇ ਮੁਖੀ, ਫੌਜੀ ਕਮਾਂਡਰ, ਉਦਯੋਗ ਦੇ ਨੇਤਾ, ਟੈਕਨਾਲੋਜੀ ਨੇਤਾ, ਅਕਾਦਮਿਕ, ਪੱਤਰਕਾਰ, ਰਣਨੀਤਕ ਮਾਮਲਿਆਂ ਦੇ ਵਿਦਵਾਨ, ਪ੍ਰਮੁੱਖ ਥਿੰਕ ਟੈਂਕ ਅਤੇ ਨੌਜਵਾਨ ਮਾਹਿਰ ਹਿੱਸਾ ਲੈਣਗੇ। ਇਸ ਵਾਰ ਦਾ ਵਿਸ਼ਾ ਚਤੁਰੰਗਾ: ਸੰਘਰਸ਼, ਮੁਕਾਬਲਾ, ਸਹਿਯੋਗ, ਸਿਰਜਣਾ ਹੈ।
ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਇਸ ਦੌਰਾਨ ਛੇ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਹ ਹਨ- ਟੈਕ ਫਰੰਟੀਅਰਜ਼ : ਨਿਯਮ ਅਤੇ ਅਸਲੀਅਤ, ਗ੍ਰਹਿ ਦੇ ਨਾਲ ਸ਼ਾਂਤੀ : ਨਿਵੇਸ਼ ਅਤੇ ਨਵੀਨਤਾ, ਯੁੱਧ ਅਤੇ ਸ਼ਾਂਤੀ : ਹਥਿਆਰ ਅਤੇ ਅਸਮਾਨਤਾਵਾਂ, ਉਪਨਿਵੇਸ਼ਵਾਦ ਤੋਂ ਮੁਕਤੀ : ਬਹੁਪੱਖੀਵਾਦ : ਸੰਸਥਾਵਾਂ ਅਤੇ ਸ਼ਮੂਲੀਅਤ, 2030 ਤੋਂ ਬਾਅਦ ਦਾ ਏਜੰਡਾ : ਲੋਕ ਅਤੇ ਤਰੱਕੀ ਅਤੇ ਲੋਕਤੰਤਰ ਦੀ ਸੁਰੱਖਿਆ : ਸਮਾਜ ਅਤੇ ਪ੍ਰਭੂਸੱਤਾ। ਇਸ ਡਾਇਲਾਗ ਵਿੱਚ ਲਗਭਗ 115 ਦੇਸ਼ਾਂ ਦੇ 2500 ਤੋਂ ਵੱਧ ਪ੍ਰਤੀਭਾਗੀ ਨਿੱਜੀ ਤੌਰ ’ਤੇ ਹਿੱਸਾ ਲੈਣਗੇ। ਇਸ ਤੋਂ ਇਲਾਵਾ ਦੁਨੀਆ ਭਰ ਦੇ ਲੱਖਾਂ ਲੋਕ ਇਸਨੂੰ ਡਿਜੀਟਲ ਪਲੇਟਫਾਰਮ ’ਤੇ ਦੇਖਣਗੇ।
