ਮੈਕਸੀਕੋ ਸਿਟੀ, 02 ਅਕਤੂਬਰ। ਮੈਕਸੀਕੋ ਵਿੱਚ ਪ੍ਰਾਰਥਨਾ ਸਭਾ ਦੌਰਾਨ ਇੱਕ ਚਰਚ ਦੀ ਛੱਤ ਡਿੱਗ ਗਈ। ਇਸ ਕਾਰਨ ਤਿੰਨ ਬੱਚਿਆਂ ਸਮੇਤ ਦਸ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਘੱਟੋ-ਘੱਟ ਸੱਠ ਲੋਕ ਜ਼ਖਮੀ ਹੋਏ ਹਨ।
ਉੱਤਰ-ਪੂਰਬੀ ਮੈਕਸੀਕੋ ਦੇ ਤਮਉਲੀਪਾਸ ਰਾਜ ਦੇ ਤੱਟਵਰਤੀ ਸ਼ਹਿਰ ਸਿਉਦਾਦ ਮਾਡੇਰੋ ਦੇ ਇੱਕ ਚਰਚ ਵਿੱਚ ਇੱਕ ਪ੍ਰਾਰਥਨਾ ਸੇਵਾ ਚੱਲ ਰਹੀ ਸੀ। ਇਸ ਦੌਰਾਨ ਚਰਚ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਪ੍ਰਾਰਥਨਾ ਸਭਾ ਦੌਰਾਨ ਅਚਾਨਕ ਚਰਚ ਦੀ ਛੱਤ ਡਿੱਗਣ ਨਾਲ ਚੀਕ ਪੁਕਾਰ ਮੱਚ ਗਈ। ਤਮਉਲਿਪਾਸ ਦੇ ਗਵਰਨਰ ਅਮਰੀਕੋ ਵਿਲਾਰੀਅਲ ਨੇ ਹਾਦਸੇ ਵਿੱਚ ਦਸ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ ਪੰਜ ਔਰਤਾਂ, ਦੋ ਪੁਰਸ਼ ਅਤੇ ਤਿੰਨ ਬੱਚੇ ਹਨ।
ਦੱਸਿਆ ਗਿਆ ਕਿ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਰਾਹਤ ਕਰਮਚਾਰੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਪੁਲਿਸ ਅਤੇ ਅੱਗ ਬੁਝਾਊ ਦਸਤੇ ਨੇ ਮਲਬੇ ‘ਚੋਂ 49 ਲੋਕਾਂ ਨੂੰ ਬਚਾਇਆ ਹੈ। ਅਜੇ ਵੀ ਕਈ ਹੋਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦੀ ਤਲਾਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮਲਬੇ ਹੇਠਾਂ ਦੱਬੇ ਲੋਕਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਸੱਠ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਲਬੇ ‘ਚੋਂ ਲੋਕਾਂ ਦਾ ਨਿਕਲਣਾ ਵੀ ਜਾਰੀ ਹੈ। ਅਜਿਹੇ ‘ਚ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
