ਕਾਠਮੰਡੂ, 05 ਨਵੰਬਰ। ਨੇਪਾਲ ਦੇ ਜਾਜਰਕੋਟ ਅਤੇ ਰੂਕੁਮ ਪੱਛਮੀ ਜ਼ਿਲਿਆਂ ਦੇ ਦੂਰ-ਦੁਰਾਡੇ ਪਹਾੜੀ ਖੇਤਰਾਂ ‘ਚ ਭੂਚਾਲ ਨਾਲ ਪ੍ਰਭਾਵਿਤ ਜ਼ਿਆਦਾਤਰ ਲੋਕ ਸ਼ਨੀਵਾਰ ਰਾਤ ਨੂੰ ਠੰਡ ਤੋਂ ਕੰਬਦੇ ਰਹੇ। ਲੋਕਾਂ ਨੂੰ ਖੁੱਲ੍ਹੇ ਅਸਮਾਨ ਹੇਠ ਰਾਤ ਕੱਟਣੀ ਪਈ। ਇਨ੍ਹਾਂ ਇਲਾਕਿਆਂ ਵਿੱਚ ਰਾਤ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਵੀ ਘੱਟ ਰਿਹਾ।
ਭੂਚਾਲ ਕਰਕੇ ਆਪਣੇ ਘਰਾਂ ਨੂੰ ਗੁਆਉਣ ਵਾਲੇ ਲੋਕਾਂ ਲਈ ਰਾਤ ਬਹੁਤ ਲੰਬੀ ਅਤੇ ਭਾਰੀ ਰਹੀ। ਕਈਆਂ ਨੂੰ ਆਪਣੇ ਪਰਿਵਾਰਾਂ ਨਾਲ ਸੜਕਾਂ ‘ਤੇ ਰਾਤ ਕੱਟਣ ਲਈ ਮਜਬੂਰ ਹੋਣਾ ਪਿਆ। ਜਾਜਰਕੋਟ ਦੀ ਨਲਗਾੜ ਨਗਰ ਪਾਲਿਕਾ ਦੇ ਘੱਟੋ-ਘੱਟ ਚਾਰ ਵਾਰਡ ਅਜਿਹੇ ਹਨ ਜਿੱਥੇ ਇੱਕ ਵੀ ਘਰ ਸਹੀ ਸਲਾਮਤ ਨਹੀਂ ਬਚਿਆ ਹੈ। ਇਨ੍ਹਾਂ ਲੋਕਾਂ ਤੱਕ ਨਾ ਤਾਂ ਤਰਪਾਲ ਅਤੇ ਨਾ ਹੀ ਕੰਬਲ ਪਹੁੰਚ ਸਕੇ। ਕੁਝ ਲੋਕਾਂ ਨੇ ਖੁੱਲ੍ਹੇ ਅਸਮਾਨ ਹੇਠ ਮੱਛਰਦਾਨੀਆਂ ਨਾਲ ਰਾਤ ਕੱਟੀ।
