ਵਾਸ਼ਿੰਗਟਨ, 15 ਮਾਰਚ । ਭਾਰਤੀ ਮੂਲ ਦੇ ਲੋਕਾਂ ਨੇ ਅਮਰੀਕਾ ‘ਚ ਭਾਰਤ ਖਿਲਾਫ ਵਧਦੀਆਂ ਅੱਤਵਾਦੀ ਗਤੀਵਿਧੀਆਂ ‘ਤੇ ਚਿੰਤਾ ਪ੍ਰਗਟਾਈ ਹੈ। ਸਿਲੀਕਾਨ ਵੈਲੀ ਦੇ ਪ੍ਰਭਾਵਸ਼ਾਲੀ ਭਾਰਤੀਆਂ ਨੇ ਐਫਬੀਆਈ, ਨਿਆਂ ਵਿਭਾਗ ਅਤੇ ਪੁਲਿਸ ਨਾਲ ਇੱਕ ਵਿਸ਼ੇਸ਼ ਮੀਟਿੰਗ ਵਿੱਚ ਰੋਸ ਜ਼ਾਹਰ ਕੀਤਾ ਹੈ। ਕੈਲੀਫੋਰਨੀਆ ਵਿੱਚ ਹਿੰਦੂਆਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਅਸਮਾਨਤਾ ਅਤੇ ਵਿਤਕਰੇ ਭਰੇ ਵਤੀਰੇ ਸਬੰਧੀ ਅਮਰੀਕੀ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਾ ਕਰਨ ‘ਤੇ ਭਰਵੰਸ਼ੀਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਭਾਰਤੀਆਂ ਨੇ ਅਮਰੀਕੀ ਅਧਿਕਾਰੀਆਂ ਨੂੰ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਕਮਿਊਨਿਟੀ ਆਗੂ ਅਜੈ ਜੈਨ ਭੁਤੋਰੀਆ ਨੇ ਮੀਟਿੰਗ ਵਿੱਚ ਕਿਹਾ ਕਿ ਅਮਰੀਕਾ ਵਿੱਚ ਹਿੰਦੂਆਂ, ਜੈਨੀਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ ਵਾਧਾ ਇੱਕ ਚੁਣੌਤੀਪੂਰਨ ਸਮੱਸਿਆ ਹੈ। ਹਾਲ ਹੀ ਦੇ ਸਮੇਂ ਵਿੱਚ, ਖਾਲਿਸਤਾਨ ਸਮਰਥਕਾਂ ਨੇ ਕਈ ਮੰਦਰਾਂ ਵਿੱਚ ਭੰਨਤੋੜ ਕੀਤੀ ਹੈ ਅਤੇ ਭਾਰਤੀ ਕੌਂਸਲੇਟ ਉੱਤੇ ਵੀ ਹਮਲਾ ਕੀਤਾ ਹੈ। ਪਰ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ।
ਇਸ ਹਫ਼ਤੇ ਹੋਈ ਇਸ ਮੀਟਿੰਗ ਵਿੱਚ ਦੋ ਦਰਜਨ ਤੋਂ ਵੱਧ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀਆਂ ਨੇ ਹਿੱਸਾ ਲਿਆ। ਇਸ ਵਿੱਚ ਨਿਆਂ ਵਿਭਾਗ ਦੀ ਕਮਿਊਨਿਟੀ ਰਿਲੇਸ਼ਨਜ਼ ਸਰਵਿਸ ਦੇ ਵਿਨਸੈਂਟ ਪਲੇਅਰ ਅਤੇ ਹਰਪ੍ਰੀਤ ਸਿੰਘ ਮੋਖਾ, ਐਫਬੀਆਈ (ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਦੇ ਅਧਿਕਾਰੀ ਅਤੇ ਸਥਾਨਕ ਪੁਲਿਸ ਨੇ ਸ਼ਿਰਕਤ ਕੀਤੀ।
ਪੈਂਟਾਗਨ ਦੇ ਸੀਨੀਅਰ ਅਧਿਕਾਰੀ ਸਿਧਾਰਥ ਅਈਅਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ ਸਬੰਧ ਬਹੁਤ ਮਜ਼ਬੂਤ ਹੋਏ ਹਨ। ਦੱਖਣੀ ਏਸ਼ੀਆ ਲਈ ਰੱਖਿਆ ਨੀਤੀ ਦੇ ਸਕੱਤਰ ਸਿਧਾਰਥ ਅਈਅਰ ਨੇ ਗੋਲਮੇਜ਼ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ। ਇਸ ਗੋਲਮੇਜ਼ ਦਾ ਆਯੋਜਨ ਗੈਰ-ਲਾਭਕਾਰੀ ਸੰਗਠਨ ਦ ਯੂਐਸ-ਇੰਡੀਆ ਸਟ੍ਰੈਟਿਜਿਕ ਐਂਡ ਪਾਰਟਨਰਸ਼ਿਪ ਫੋਰਮ ਅਤੇ ਕੱਟਸ ਇੰਟਰਨੈਸ਼ਨਲ ਦੁਆਰਾ ਕੀਤਾ ਗਿਆ ਸੀ। ਅਈਅਰ ਨੇ ਕਿਹਾ ਕਿ ਹਾਲ ਹੀ ਦੇ ਦੋ ਸਾਲਾਂ ‘ਚ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਾਂਝੇਦਾਰੀ ਤੇਜ਼ੀ ਨਾਲ ਵਧੀ ਹੈ।
