ਕਵੇਟਾ, 02 ਫਰਵਰੀ : ਪਾਕਿਸਤਾਨ ਦੇ ਬਲੋਚਿਸਤਾਨ ‘ਚ ਵੀਰਵਾਰ ਨੂੰ ਘੱਟੋ-ਘੱਟ 10 ਥਾਵਾਂ ‘ਤੇ ਬੰਬਾਂ ਅਤੇ ਗ੍ਰਨੇਡਾਂ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸੂਬਾਈ ਸਰਕਾਰ ਦੇ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਹਮਲਾਵਰਾਂ ਨੇ ਕਈ ਥਾਣਿਆਂ ਅਤੇ ਡਿਪਟੀ ਕਮਿਸ਼ਨਰ ਦਫਤਰਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ‘ਚ ਇਕ ਪੁਲਿਸ ਅਧਿਕਾਰੀ ਅਤੇ ਇਕ ਜੇਲ ਵਾਰਡਨ ਸਮੇਤ 6 ਲੋਕ ਜ਼ਖਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬਾਈ ਰਾਜਧਾਨੀ ਕਵੇਟਾ ਸਮੇਤ ਬਲੋਚਿਸਤਾਨ ਭਰ ‘ਚ ਘੱਟੋ-ਘੱਟ 10 ਥਾਵਾਂ ‘ਤੇ ਬੰਬਾਂ ਅਤੇ ਗ੍ਰਨੇਡਾਂ ਨਾਲ ਹਮਲਾ ਕੀਤਾ ਗਿਆ।
ਕਵੇਟਾ ਦੇ ਐੱਸਐੱਸਪੀ (ਆਪ੍ਰੇਸ਼ਨਜ਼) ਜਵਾਦ ਤਾਰਿਕ ਅਨੁਸਾਰ ਕਵੇਟਾ ਦੇ ਸਪਿਨੀ ਇਲਾਕੇ ਵਿੱਚ ਸੀਪੀਈਸੀ ਰੋਡ ’ਤੇ ਫੁੱਟਪਾਥ ’ਤੇ ਰੱਖਿਆ ਬੰਬ ਫਟ ਗਿਆ। ਇਸ ਕਾਰਨ ਇੱਕ ਰਾਹਗੀਰ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਜ਼ਬਰਦਸਤ ਧਮਾਕੇ ਨੇ ਸੂਬਾਈ ਰਾਜਧਾਨੀ ਦੇ ਕਈ ਇਲਾਕਿਆਂ ਨੂੰ ਹਿਲਾ ਕੇ ਰੱਖ ਦਿੱਤਾ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਦੇ ਸਮੇਂ ਬੰਬ ਨਾਲ ਨੇੜਤਾ ਹੋਣ ਕਾਰਨ ਪੀੜ੍ਹਤ ਦਾ ਸਰੀਰ ਕੱਟਿਆ ਹੋਇਆ ਸੀ। ਮ੍ਰਿਤਕ ਦੀ ਪਛਾਣ 84 ਸਾਲਾ ਅਬਦੁਲ ਖਾਲਿਕ ਸ਼ਾਹ ਵਜੋਂ ਹੋਈ ਹੈ।
ਐੱਸਐੱਸਪੀ ਤਾਰਿਕ ਨੇ ਦੱਸਿਆ ਕਿ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ ਵਿੱਚ ਅੱਠ ਕਿਲੋਗ੍ਰਾਮ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਕਵੇਟਾ ਦੇ ਬਾਹਰੀ ਇਲਾਕੇ ਨੇੜੇ ਹੋਏ ਇੱਕ ਹੋਰ ਹਮਲੇ ਵਿੱਚ ਇੱਕ ਸਹਾਇਕ ਸਬ-ਇੰਸਪੈਕਟਰ ਗੁਲਾਮ ਰਜ਼ਾ ਜ਼ਖ਼ਮੀ ਹੋ ਗਿਆ। ਅਣਪਛਾਤੇ ਹਮਲਾਵਰਾਂ ਨੇ ਸ਼ਾਲਕੋਟ ਥਾਣੇ ‘ਤੇ ਹੈਂਡ ਗ੍ਰੇਨੇਡ ਸੁੱਟਿਆ। ਹੈਂਡ ਗ੍ਰੇਨੇਡ ਥਾਣੇ ਦੇ ਵਿਹੜੇ ਵਿੱਚ ਫਟਿਆ। ਇਸ ਕਾਰਨ ਥਾਣੇ ਦੀ ਇਮਾਰਤ ਅਤੇ ਕੁਝ ਵਾਹਨਾਂ ਨੂੰ ਨੁਕਸਾਨ ਪੁੱਜਾ। ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਮਸਤੁੰਗ ਦੀ ਕੇਂਦਰੀ ਜੇਲ੍ਹ ‘ਤੇ ਹੈਂਡ ਗਰਨੇਡ ਨਾਲ ਹਮਲਾ ਕੀਤਾ ਗਿਆ। ਇਹ ਗ੍ਰੇਨੇਡ ਜੇਲ੍ਹ ਦੇ ਅੰਦਰ ਫਟਿਆ। ਇਸ ਕਾਰਨ ਇਮਾਰਤ ਨੂੰ ਨੁਕਸਾਨ ਪਹੁੰਚਿਆ। ਹਮਲੇ ਵਿੱਚ ਜੇਲ੍ਹ ਵਾਰਡਰ ਜ਼ਖ਼ਮੀ ਹੋ ਗਿਆ। ਕਵੇਟਾ, ਖੁਜ਼ਦਾਰ ਅਤੇ ਤੁਰਬਤ ਵਿੱਚ ਹਮਲਿਆਂ ਵਿੱਚ ਪੀਐੱਮਐੱਲ-ਐੱਨ ਅਤੇ ਨੈਸ਼ਨਲ ਪਾਰਟੀ ਦੇ ਦਫ਼ਤਰਾਂ ਅਤੇ ਬੀਐੱਨਪੀ-ਐੱਮ ਅਤੇ ਜੇਯੂਆਈ-ਐੱਫ ਦੇ ਸਾਂਝੇ ਦਫ਼ਤਰ ਨੂੰ ਗ੍ਰੇਨੇਡ ਨਾਲ ਨਿਸ਼ਾਨਾ ਬਣਾਇਆ ਗਿਆ। ਧਾਦਰ ਅਤੇ ਪੰਜਗੁਰ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਨੂੰ ਵੀ ਗ੍ਰੇਨੇਡ ਨਾਲ ਨਿਸ਼ਾਨਾ ਬਣਾਇਆ ਗਿਆ।
ਖਬਰਾਂ ਮੁਤਾਬਕ ਕਾਛੀ ਦੇ ਡਿਪਟੀ ਕਮਿਸ਼ਨਰ ਦੇ ਘਰ ‘ਤੇ ਹੋਏ ਇਕ ਹੋਰ ਗ੍ਰਨੇਡ ਹਮਲੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਤੁਰਬਤ ਬਾਜ਼ਾਰ ਇਲਾਕੇ ‘ਚ ਹੋਏ ਧਮਾਕੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ, ਜਦਕਿ ਪੁਲਿਸ ਅਤੇ ਐੱਫ. ਸੀ. ਦੀਆਂ ਚੌਕੀਆਂ ‘ਤੇ ਗ੍ਰਨੇਡ ਵੀ ਸੁੱਟੇ ਗਏ। ਅਣਪਛਾਤੇ ਹਮਲਾਵਰਾਂ ਨੇ ਹੱਬ ਸਿਟੀ ਥਾਣੇ ‘ਤੇ ਵੀ ਹਮਲਾ ਕੀਤਾ। ਪਾਕਿਸਤਾਨ ਕੋਸਟ ਗਾਰਡ ਦਫਤਰ ਦੇ ਗੇਟ ਤੋਂ ਇੱਕ ਗ੍ਰਨੇਡ ਬਰਾਮਦ ਹੋਇਆ ਹੈ। ਹਮਲਿਆਂ ਤੋਂ ਬਾਅਦ ਬਲੋਚਿਸਤਾਨ ਸਰਕਾਰ ਨੇ ਸੂਬੇ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਕਿਹਾ ਕਿ ਹਮਲਿਆਂ ਦਾ ਨੋਟਿਸ ਲੈਂਦਿਆਂ ਬਲੋਚਿਸਤਾਨ ਦੇ ਪੁਲਿਸ ਇੰਸਪੈਕਟਰ ਜਨਰਲ ਅਤੇ ਮੁੱਖ ਸਕੱਤਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਸੈਨੇਟਰ ਸਮੀਨਾ ਮੁਮਤਾਜ਼ ਜ਼ੇਹਰੀ ਨੇ ਅੱਤਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਜਾਨ-ਮਾਲ ਦੇ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ।
