ਨਿਊਯਾਰਕ, 23 ਅਕਤੂਬਰ। ਕਾਰ ਹਾਦਸੇ ਤੋਂ ਬਾਅਦ ਭਾਰਤੀ ਮੂਲ ਦੇ ਇੱਕ ਬਜ਼ੁਰਗ ਸਿੱਖ ਦੀ ਇੱਕ ਵਿਅਕਤੀ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਬਜ਼ੁਰਗ ਦੀ ਇਲਾਜ ਦੌਰਾਨ ਮੌਤ ਹੋ ਗਈ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਐਕਸ ‘ਤੇ ਸ਼ੇਅਰ ਕੀਤੀ ਇਕ ਪੋਸਟ ਵਿਚ ਬਜ਼ੁਰਗ ਵਿਅਕਤੀ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ, ਅਸੀਂ ਉਸ ਨਫ਼ਰਤ ਨੂੰ ਰੱਦ ਕਰਦੇ ਹਾਂ ਜਿਸ ਨੇ ਇਸ ਮਾਸੂਮ ਦੀ ਜਾਨ ਲਈ।
ਡੇਲੀ ਨਿਊਜ਼ ਦੇ ਅਨੁਸਾਰ, 19 ਅਕਤੂਬਰ ਨੂੰ ਨਿਊਯਾਰਕ ਸਿਟੀ ਵਿੱਚ ਇੱਕ ਕਾਰ ਦੁਰਘਟਨਾ ਤੋਂ ਬਾਅਦ ਦੋਸ਼ੀ ਗਿਲਬਰਟ ਆਗਸਟਿਨ (30) ਦੁਆਰਾ ਵਾਰ-ਵਾਰ ਮੁੱਕੇ ਮਾਰਨ ਕਾਰਨ ਜਸਮੇਰ ਸਿੰਘ (66) ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜਖ਼ਮੀ ਹਾਲਤ ’ਚ ਉਨ੍ਹਾਂ ਨੂੰ ਕੁਈਨਜ਼ ਦੇ ਜਮਾਇਕਾ ਹਸਪਤਾਲ ਮੈਡੀਕਲ ਸੈਂਟਰ ਵਿੱਚ ਲਿਜਾਇਆ ਗਿਆ, ਜਿੱਥੇ ਇੱਕ ਦਿਨ ਬਾਅਦ ਦਿਮਾਗ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਦੋਸ਼ੀ ਗਿਲਬਰਟ ਨੂੰ 20 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਨੇ ਐਕਸ ‘ਤੇ ਲਿਖਿਆ ਕਿ ਜਸਮੇਰ ਨਿਊਯਾਰਕ ਸਿਟੀ ਨੂੰ ਪਿਆਰ ਕਰਦੇ ਸਨ ਅਤੇ ਆਪਣੀ ਦੁਖਦ ਮੌਤ ਤੋਂ ਕਿਤੇ ਵੱਧ ਦੇ ਹੱਕਦਾਰ ਸੀ।
