ਤੇਲ ਅਵੀਵ/ਵਾਸ਼ਿੰਗਟਨ/ਯਰੂਸ਼ਲਮ, 27 ਅਕਤੂਬਰ। ਫਿਲੀਸਤੀਨੀ ਅੱਤਵਾਦੀ ਸੰਗਠਨ ਹਮਾਸ ਵੱਲੋਂ ਇਸ ਮਹੀਨੇ ਦੀ 7 ਤਰੀਕ ਨੂੰ ਇਜ਼ਰਾਈਲ ‘ਤੇ ਹਮਲਾ ਕਰਨ ਤੋਂ ਬਾਅਦ ਪੂਰੀ ਗਾਜ਼ਾ ਪੱਟੀ ਜੰਗ ਦੀ ਅੱਗ ‘ਚ ਝੁਲਸ ਰਹੀ ਹੈ। ਇਜ਼ਰਾਈਲ ਨੇ ਹਵਾਈ ਹਮਲੇ ਤੋਂ ਬਾਅਦ ਜ਼ਮੀਨੀ ਹਮਲੇ ਦੀ ਪੂਰੀ ਤਿਆਰੀ ਕਰ ਲਈ ਹੈ। ਇਜ਼ਰਾਈਲੀ ਟੈਂਕਾਂ ਨੇ ਗਾਜ਼ਾ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ ਦੌਰਾਨ ਅਮਰੀਕਾ ਨੇ ਸੀਰੀਆ ‘ਤੇ ਏਅਰ ਸਟ੍ਰਾਈਕ ਕੀਤੀ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਵੀਰਵਾਰ ਨੂੰ ਖਾਨ ਯੂਨਿਸ (ਗਾਜ਼ਾ) ਦੇ ਰਿਹਾਇਸ਼ੀ ਇਲਾਕਿਆਂ ‘ਤੇ ਬੰਬਾਰੀ ਕੀਤੀ। ਇਸ ਤੋਂ ਪਹਿਲਾਂ ਇਜ਼ਰਾਈਲੀ ਟੈਂਕਾਂ ਅਤੇ ਫੌਜੀ ਦਸਤਿਆਂ ਨੇ ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ ‘ਤੇ ਸੀਮਤ ਜ਼ਮੀਨੀ ਹਮਲਾ ਕੀਤਾ। ਜ਼ਮੀਨੀ ਹਮਲੇ ਤੋਂ ਪਹਿਲਾਂ, ਟੈਂਕਾਂ ਅਤੇ ਪੈਦਲ ਯੂਨਿਟਾਂ ਨੇ ਹਮਾਸ ਦੇ ਨਿਯੰਤਰਿਤ ਗਾਜ਼ਾ ਵਿੱਚ ਰਾਤ ਭਰ ਛਾਪੇ ਮਾਰੇ। ਇਸ ਸਥਿਤੀ ‘ਤੇ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਪੱਟੀ ‘ਚ ਈਂਧਨ ਖਤਮ ਹੋਣ ਦੀ ਕਗਾਰ ‘ਤੇ ਹੈ। ਇਸ ਕਾਰਨ ਉਹ ਇਲਾਕੇ ਵਿੱਚ ਰਾਹਤ ਕਾਰਜਾਂ ਨੂੰ ਰੋਕਣ ਲਈ ਮਜ਼ਬੂਰ ਹੋਣਾ ਪਵੇਗਾ।
ਇਜ਼ਰਾਈਲ ਦੀ ਹਵਾਈ ਸੈਨਾ ਨੇ ਇੱਕ ਵੀਡੀਓ ਜਾਰੀ ਕਰਕੇ ਕੁਝ ਬੰਧਕਾਂ ਨੂੰ ਛੁਡਾਉਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਇਹ ਆਪਰੇਸ਼ਨ ਦੱਖਣੀ ਇਜ਼ਰਾਈਲ ਸਰਹੱਦ ਦੇ ਨੇੜੇ ਕਿਬੁਤਜ਼ ਬੇਰੀ ਵਿੱਚ ਕੀਤਾ ਗਿਆ। ਹਮਾਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗਾਜ਼ਾ ਵਿੱਚ 50 ਬੰਧਕਾਂ ਦੀ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਮੌਤ ਹੋ ਗਈ ਹੈ। ਇਕ ਹੋਰ ਰਿਪੋਰਟ ਮੁਤਾਬਕ ਗਾਜ਼ਾ ਵਿਚ 1600 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚ 900 ਬੱਚੇ ਵੀ ਹਨ। ਹਵਾਈ ਹਮਲਿਆਂ ਵਿੱਚ ਢਹਿ ਢੇਰੀ ਹੋਈਆਂ ਇਮਾਰਤਾਂ ਵਿੱਚ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਇਜ਼ਰਾਇਲੀ ਹਵਾਈ ਸੈਨਾ ਨੇ ਹਮਾਸ ਦੇ 250 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਦੀ ਫੌਜ ਅੱਜ ਅੱਗੇ ਵਧ ਸਕਦੀ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਿਜ਼ਾਈਲ ਨੇ ਇਜ਼ਰਾਈਲੀ ਸਰਹੱਦ ਨੇੜੇ ਮਿਸਰ ਦੇ ਲਾਲ ਸਾਗਰ ‘ਤੇ ਤਾਬਾ ਸ਼ਹਿਰ ਵਿਚ ਇਕ ਮੈਡੀਕਲ ਸਹੂਲਤ ਨੂੰ ਨਿਸ਼ਾਨਾ ਬਣਾਇਆ। ਇਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਪਰ ਇਜ਼ਰਾਈਲ ਨੇ ਇਸ ਹਮਲੇ ਤੋਂ ਇਨਕਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਜ਼ਰਾਈਲ-ਹਮਾਸ ਜੰਗ ਦਾ ਅੱਜ 21ਵਾਂ ਦਿਨ ਹੈ। ਹਮਾਸ ਦੇ ਹਮਲੇ ਦੇ ਜਵਾਬ ‘ਚ ਇਜ਼ਰਾਇਲੀ ਫੌਜ ਲਗਾਤਾਰ ਕਾਰਵਾਈ ਕਰ ਰਹੀ ਹੈ। ਗਾਜ਼ਾ ਪੱਟੀ ਵਿੱਚ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਦੀ ਬੰਬਾਰੀ ਵਿੱਚ ਹੁਣ ਤੱਕ 7,000 ਤੋਂ ਵੱਧ ਲੋਕ ਮਾਰੇ ਗਏ ਹਨ। ਹਮਾਸ ਦੇ ਹਮਲਿਆਂ ਵਿੱਚ ਹੁਣ ਤੱਕ 1400 ਤੋਂ ਵੱਧ ਇਜ਼ਰਾਈਲੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਜੰਗ ਦੇ ਵਿਚਕਾਰ, ਅਮਰੀਕਾ ਨੇ ਸੀਰੀਆ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਨਾਲ ਜੁੜੇ ਦੋ ਸਥਾਨਾਂ ‘ਤੇ ਏਅਰ ਸਟ੍ਰਾਈਕ ਕੀਤੀ ਹੈ। ਪੈਂਟਾਗਨ ਨੇ ਕਿਹਾ ਕਿ ਇਹ ਹਮਲੇ ਅਮਰੀਕੀ ਟਿਕਾਣਿਆਂ ਅਤੇ ਕਰਮਚਾਰੀਆਂ ਦੇ ਖਿਲਾਫ ਹਾਲ ਹੀ ’ਚ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਦਾ ਜਵਾਬ ਹਨ। ਅਮਰੀਕੀ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ ‘ਚ ਕਰੀਬ 900 ਅਮਰੀਕੀ ਸੈਨਿਕ ਤਾਇਨਾਤ ਕੀਤੇ ਗਏ ਹਨ।
