ਤਹਿਰਾਨ/ਤੇਲ ਅਵੀਵ, 14 ਅਪ੍ਰੈਲ :ਈਰਾਨ ਨੇ ਇਜ਼ਰਾਈਲ ‘ਤੇ ਦੋ ਸੌ ਤੋਂ ਵੱਧ ਮਿਜ਼ਾਈਲਾਂ ਅਤੇ ਡਰੋਨ ਦਾਗੇ ਹਨ। ਇਜ਼ਰਾਈਲ ਦਾ ਦਾਅਵਾ ਹੈ ਕਿ ਈਰਾਨ ਦੁਆਰਾ ਲਾਂਚ ਕੀਤੀਆਂ ਗਈਆਂ ਜ਼ਿਆਦਾਤਰ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਇਜ਼ਰਾਈਲ ਡਿਫੈਂਸ ਸਿਸਟਮ ਦੁਆਰਾ ਹਵਾ ਵਿੱਚ ਮਾਰ ਸੁੱਟਿਆ। ਇਜ਼ਰਾਈਲ ਦੇ ਰੱਖਿਆ ਬਲ ਦੇ ਬੇਸ ਨੂੰ ਕੁਝ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ 14 ਅਪ੍ਰੈਲ ਨੂੰ ਇਰਾਨ ਦੇ ਇਜ਼ਰਾਈਲ ‘ਤੇ ਹਮਲੇ ਤੋਂ ਬਾਅਦ ਲਗਾਤਾਰ ਵਿਗੜਦੇ ਹਾਲਾਤ ਨੂੰ ਲੈ ਕੇ ਹੰਗਾਮੀ ਬੈਠਕ ਬੁਲਾਈ ਹੈ।
ਈਰਾਨ ਨੇ ਸ਼ਨੀਵਾਰ ਨੂੰ 1800 ਕਿਲੋਮੀਟਰ ਦੂਰ ਇਜ਼ਰਾਈਲ ‘ਤੇ ਵੱਡੇ ਪੱਧਰ ’ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ। ਸੀਰੀਆ ’ਚ ਈਰਾਨ ਦੇ ਵਣਜ ਦੂਤਘਰ ‘ਤੇ ਹਮਲੇ ਤੋਂ ਬਾਅਦ ਇਹ ਜਵਾਬੀ ਕਾਰਵਾਈ ਦੱਸੀ ਜਾ ਰਹੀ ਹੈ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨ ਗਾਰਡ ਕੋਰ (ਆਈਆਰਜੀਸੀ) ਮੁਤਾਬਕ ਇਹ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਹੈ।
ਜ਼ਿਕਰਯੋਗ ਹੈ ਕਿ 1 ਅਪ੍ਰੈਲ ਨੂੰ ਸੀਰੀਆ ‘ਚ ਕੌਂਸਲੇਟ ‘ਤੇ ਹੋਏ ਹਮਲੇ ਤੋਂ ਬਾਅਦ ਈਰਾਨ ਨੇ ਬਦਲਾ ਲੈਣ ਦੀ ਗੱਲ ਕਹੀ ਸੀ। ਇਸ ਹਮਲੇ ‘ਚ ਫੌਜ ਦੇ ਇਕ ਚੋਟੀ ਦੇ ਕਮਾਂਡਰ ਸਮੇਤ 7 ਫੌਜੀ ਅਧਿਕਾਰੀ ਮਾਰੇ ਗਏ ਸਨ। ਈਰਾਨ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਦੂਜੇ ਪਾਸੇ ਇਜ਼ਰਾਈਲੀ ਰੱਖਿਆ ਬਲ (ਆਈਡੀਐਫ) ਨੇ ਕਿਹਾ ਹੈ ਕਿ 100 ਤੋਂ ਵੱਧ ਡਰੋਨ ਛੱਡੇ ਗਏ ਹਨ ਅਤੇ ਸਾਰੇ ਹਮਲੇ ਰੋਕੇ ਜਾ ਰਹੇ ਹਨ। ਇਜ਼ਰਾਈਲ, ਲੇਬਨਾਨ ਅਤੇ ਇਰਾਕ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਜਦੋਂ ਕਿ ਸੀਰੀਆ ਅਤੇ ਜਾਰਡਨ ਨੇ ਆਪਣੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਅਲਰਟ ‘ਤੇ ਰੱਖਿਆ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਯੁੱਧ ਮੰਤਰੀ ਮੰਡਲ ਦੀ ਬੈਠਕ ਬੁਲਾਈ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਸਥਿਤੀ ਲਈ ਤਿਆਰ ਹੈ, ਭਾਵੇਂ ਉਹ ਰੱਖਿਆਤਮਕ ਹੋਵੇ ਜਾਂ ਹਮਲਾਵਰਤਾ। ਨੇਤਨਯਾਹੂ ਨੇ ਕਿਹਾ ਕਿ ਉਹ ਸਾਨੂੰ ਸਮਰਥਨ ਦੇਣ ਲਈ ਅਮਰੀਕਾ ਦੇ ਨਾਲ-ਨਾਲ ਬ੍ਰਿਟੇਨ, ਫਰਾਂਸ ਅਤੇ ਹੋਰ ਕਈ ਦੇਸ਼ਾਂ ਦੀ ਸ਼ਲਾਘਾ ਕਰਦੇ ਹਨ।
ਇਜ਼ਰਾਈਲ ‘ਤੇ ਈਰਾਨ ਦੇ ਹਮਲੇ ‘ਤੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਐਡਰਿਏਨ ਵਾਟਸਨ ਨੇ ਕਿਹਾ ਕਿ ਰਾਸ਼ਟਰਪਤੀ ਬਿਡੇਨ ਇਜ਼ਰਾਈਲ ਦੀ ਰੱਖਿਆ ਲਈ ਦ੍ਰਿੜ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਹਮੇਸ਼ਾ ਇਜ਼ਰਾਈਲ ਦੇ ਲੋਕਾਂ ਨਾਲ ਖੜ੍ਹਾ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਈਰਾਨ ਦੇ ਹਮਲਿਆਂ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਬ੍ਰਿਟੇਨ, ਇਜ਼ਰਾਈਲ ਅਤੇ ਆਪਣੇ ਸਾਰੇ ਖੇਤਰੀ ਭਾਈਵਾਲਾਂ ਦੀ ਸੁਰੱਖਿਆ ਲਈ ਖੜ੍ਹਾ ਰਹੇਗਾ।
